ਨਵੀਂ ਦਿੱਲੀ: ਦੇਸ਼ ਵਿੱਚ ਐਤਵਾਰ ਨੂੰ ਕੁੱਲ 87,295 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। 63 ਦਿਨਾਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਇੱਕ ਲੱਖ ਤੋਂ ਘੱਟ ਤੋਂ ਪਾਏ ਗਏ ਹਨ। ਇਸ ਤੋਂ ਪਹਿਲਾਂ ਪੰਜ ਅਪ੍ਰੈਲ ਨੂੰ 96,563 ਲੋਕ ਕੋਰੋਨਾ ਪੀੜਤ ਪਾਏ ਗਏ ਸਨ।


ਮ੍ਰਿਤਕਾਂ ਦੇ ਅੰਕੜਿਆਂ ਵਿੱਚ ਵੀ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 2,115 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਜਾਨ ਗੁਆਈ ਹੈ। ਮੌਤਾਂ ਦਾ ਇਹ ਅੰਕੜਾ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ 2,257 ਲੋਕਾਂ ਦੀ ਮੌਤ ਕੋਵਿਡ-19 ਕਰਕੇ ਦਰਜ ਕੀਤੀ ਗਈ ਸੀ। ਹੁਣ ਤੱਕ ਕੁੱਲ 3,51,344 ਲੋਕਾਂ ਦੀ ਮੌਤ ਇਸ ਨਾਮੁਰਾਦ ਵਾਇਰਸ ਕਰਕੇ ਹੋਈ ਹੈ।


ਹਾਲਾਂਕਿ, ਚੰਗੀ ਗੱਲ ਇਹ ਰਹੀ ਕਿ ਬੀਤੇ ਦਿਨ 1,85,747 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਇਸੇ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਅਧੀਨ ਲੋਕਾਂ ਦੀ ਗਿਣਤੀ ਵਿੱਚ 1,00,535 ਦੀ ਗਿਰਾਵਟ ਦਰਜ ਕੀਤੀ ਗਈ।


ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ



  • ਬੀਤੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ ਕੇਸ: 87,955

  • ਬੀਤੇ 24 ਘੰਟਿਆਂ ਵਿੱਚ ਤੰਦਰੁਸਤ ਹੋਏ ਮਰੀਜ਼: 1.85 ਲੱਖ

  • ਬੀਤੇ 24 ਘੰਟਿਆਂ ਵਿੱਚ ਦਰਜ ਮੌਤਾਂ: 2,115

  • ਹੁਣ ਤੱਕ ਕੋਰੋਨਾ ਤੋਂ ਪੀੜਤ ਕੁੱਲ ਲੋਕਾਂ ਦੀ ਗਿਣਤੀ: 2.89 ਕਰੋੜ

  • ਹੁਣ ਤੱਕ ਕੋਰੋਨਾ ਤੋਂ ਤੰਦਰੁਸਤ ਹੋਏ ਕੁੱਲ ਲੋਕਾਂ ਦੀ ਗਿਣਤੀ: 2.73 ਕਰੋੜ

  • ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ ਗਿਣਤੀ: 3.51 ਲੱਖ

  • ਕੋਰੋਨਾ ਕਾਰਨ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ: 12.97 ਲੱਖ


13 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ


ਦੇਸ਼ ਦੇ 13 ਸੂਬਿਆਂ 'ਚ ਪੂਰੀ ਤਰ੍ਹਾਂ ਲੌਕਡਾਊਨ ਵਰਗੀ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੂਚੇਰੀ ਸ਼ਾਮਲ ਹਨ।


19 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ


ਦੇਸ਼ ਦੇ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਅੰਸ਼ਕ ਲੌਕਡਾਊਨ ਹੈ। ਮਤਲਬ ਇੱਥੇ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।