ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਆਰਥਿਕ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਉਦੇਸ਼ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਨੁਕਸਾਨ ਪਹੁੰਚਾਉਣਾ ਸੀ। ਜੈਸ਼ੰਕਰ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਵੇਂ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਜਾਵੇ, ਪਾਕਿਸਤਾਨ ਤੋਂ ਆ ਰਹੇ ਅੱਤਵਾਦ ਵਿਰੁੱਧ ਕਾਰਵਾਈ ਨਹੀਂ ਰੁਕੇਗੀ।

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਾਅਵੇ ਨੂੰ ਰੱਦ ਕਰ ਦਿੱਤਾ

ਨਿਊਯਾਰਕ ਵਿੱਚ ਨਿਊਜ਼ਵੀਕ ਨਾਲ ਗੱਲਬਾਤ ਵਿੱਚ ਐਸ. ਜੈਸ਼ੰਕਰ ਨੇ ਕਿਹਾ ਕਿ ਇਹ ਹਮਲਾ ਸਿਰਫ਼ ਲੋਕਾਂ ਨੂੰ ਡਰਾਉਣ ਲਈ ਨਹੀਂ ਕੀਤਾ ਗਿਆ ਸੀ, ਸਗੋਂ ਕਸ਼ਮੀਰ ਲਈ ਆਮਦਨ ਦੇ ਸਭ ਤੋਂ ਵੱਡੇ ਸਰੋਤ ਸੈਰ-ਸਪਾਟੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਨੂੰ ਗਲਤ ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਵਪਾਰ ਸਮਝੌਤੇ 'ਤੇ ਦਬਾਅ ਪਾ ਕੇ ਭਾਰਤ ਅਤੇ ਪਾਕਿਸਤਾਨ ਨੂੰ ਜੰਗਬੰਦੀ ਲਈ ਮਜਬੂਰ ਕੀਤਾ।

ਜੈਸ਼ੰਕਰ ਨੇ ਕਿਹਾ, "ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਫ਼ੋਨ 'ਤੇ ਗੱਲ ਕੀਤੀ ਤਾਂ ਮੈਂ ਖੁਦ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸੀ। ਉਸ ਗੱਲਬਾਤ ਵਿੱਚ ਵਪਾਰ ਸਮਝੌਤੇ ਦਾ ਕੋਈ ਜ਼ਿਕਰ ਨਹੀਂ ਸੀ।" ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅੱਤਵਾਦ ਵਿਰੁੱਧ ਖੜ੍ਹਾ ਰਹੇਗਾ ਅਤੇ ਕੋਈ ਵੀ ਖ਼ਤਰਾ ਜਾਂ ਦਬਾਅ ਸਾਨੂੰ ਰੋਕ ਨਹੀਂ ਸਕਦਾ।

ਵਿਦੇਸ਼ ਮੰਤਰੀ ਨੇ ਵੱਡਾ ਖੁਲਾਸਾ ਕੀਤਾ

ਵਿਦੇਸ਼ ਮੰਤਰੀ ਨੇ ਵੱਡਾ ਖੁਲਾਸਾ ਕੀਤਾ ਕਿ 9 ਮਈ, 2025 ਦੀ ਰਾਤ ਨੂੰ, ਜਦੋਂ ਪਾਕਿਸਤਾਨ ਨੇ ਭਾਰਤ 'ਤੇ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ ਸੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਵੀ ਦਬਾਅ ਜਾਂ ਡਰ ਨੂੰ ਨਜ਼ਰਅੰਦਾਜ਼ ਕੀਤਾ ਤੇ ਸਖ਼ਤ ਰੁਖ਼ ਅਪਣਾਇਆ। ਐਸ. ਜੈਸ਼ੰਕਰ ਨੇ ਕਿਹਾ, "ਮੈਂ ਕਮਰੇ ਵਿੱਚ ਸੀ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪਾਕਿਸਤਾਨ ਭਾਰਤ 'ਤੇ ਵੱਡਾ ਹਮਲਾ ਕਰਨ ਜਾ ਰਿਹਾ ਹੈ, ਪਰ ਅਸੀਂ ਕੁਝ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੀ ਧਮਕੀ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ।"

ਉਨ੍ਹਾਂ ਅੱਗੇ ਕਿਹਾ, "ਇਸ ਦੇ ਉਲਟ, ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਕਿ ਭਾਰਤ ਜ਼ਰੂਰ ਜਵਾਬ ਦੇਵੇਗਾ।" ਜੈਸ਼ੰਕਰ ਨੇ ਗੱਲਬਾਤ ਵਿੱਚ ਦੱਸਿਆ ਕਿ ਪਾਕਿਸਤਾਨ ਨੇ ਸੱਚਮੁੱਚ ਉਸੇ ਰਾਤ ਭਾਰਤ 'ਤੇ ਹਮਲਾ ਕੀਤਾ ਸੀ, ਪਰ ਭਾਰਤੀ ਫੌਜ ਨੇ ਤੁਰੰਤ ਅਤੇ ਜ਼ੋਰਦਾਰ ਜਵਾਬ ਦਿੱਤਾ।

10 ਮਈ ਨੂੰ ਕੀ ਹੋਇਆ?

ਉਨ੍ਹਾਂ ਕਿਹਾ ਕਿ 10 ਮਈ ਦੀ ਸਵੇਰ ਨੂੰ ਉਨ੍ਹਾਂ ਦੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਹੋਈ, ਜਿਸ ਵਿੱਚ ਰੂਬੀਓ ਨੇ ਕਿਹਾ ਕਿ ਪਾਕਿਸਤਾਨ ਗੱਲਬਾਤ ਲਈ ਤਿਆਰ ਹੈ। ਉਸੇ ਦਿਨ ਦੁਪਹਿਰ ਨੂੰ, ਪਾਕਿਸਤਾਨ ਦੇ ਡੀਜੀਐਮਓ ਮੇਜਰ ਜਨਰਲ ਕਾਸ਼ਿਫ ਅਬਦੁੱਲਾ ਨੇ ਸਿੱਧੇ ਤੌਰ 'ਤੇ ਭਾਰਤ ਦੇ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਨੂੰ ਫੋਨ ਕੀਤਾ ਅਤੇ ਜੰਗਬੰਦੀ ਦੀ ਅਪੀਲ ਕੀਤੀ।