Khalistan issue in Canada: ਖਾਲਿਸਤਾਨੀਆਂ ਦੀਆਂ ਸਰਗਰਮੀਆਂ ਤੋਂ ਭਾਰਤ ਤੇ ਕੈਨੇਡਾ 'ਚ ਖੜਕਣ ਲੱਗੀ ਹੈ। ਭਾਰਤ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਮੁਲਕ ਵਿੱਚ ਚੱਲ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਹੁਣ ਤੱਕ ਕੋਈ ਢੁੱਕਵੀਂ ਪੇਸ਼ਕਦਮੀ ਨਾ ਕੀਤੇ ਜਾਣ ਨੂੰ ਗੰਭੀਰਤਾ ਨਾਲ ਲਿਆ ਹੈ। ਦੂਜੇ ਪਾਸੇ ਕੈਨੇਡਾ ਸਰਕਾਰ ਨੇ ਇਸ ਬਾਰੇ ਕੋਈ ਠੋਸ ਕਦਮ ਚੁੱਕਣ ਦਾ ਭਰੋਸਾ ਨਹੀਂ ਦਿੱਤਾ ਹੈ।
ਦੱਸ ਦੀਏ ਕਿ ਭਾਰਤ ਅੰਦਰ ਪਾਬੰਦੀਸ਼ੁਦਾ ਸਿੱਖਸ ਫ਼ਾਰ ਜਸਟਿਸ (ਐਸਐਫਜੇ) ਸਣੇ ਹੋਰ ਕਈ ਖਾਲਿਸਤਾਨ ਪੱਖੀ ਜਥੇਬੰਦੀਆਂ ਕੈਨੇਡਾ ਵਿੱਚ ਕਾਫ਼ੀ ਸਰਗਰਮ ਹਨ। ਇਨ੍ਹਾਂ ਜਥੇਬੰਦੀਆਂ ਕਰ ਕੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਹੌਲੀ ਹੌਲੀ ਖਟਾਸ ਵਧਣ ਲੱਗੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਕਿ ਨਵੀਂ ਦਿੱਲੀ ਨੇ ਕੈਨੇਡਾ ਵਿੱਚ ਕੱਟੜਵਾਦੀ ਹਿੰਸਾ ਤੇ ਭਾਰਤ ਵਿਰੋਧੀ ਸਰਗਰਮੀਆਂ ਨਾਲ ਜੁੜਿਆ ਮੁੱਦਾ ਟਰੂਡੋ ਸਰਕਾਰ ਕੋਲ ਰੱਖਿਆ ਹੈ, ਪਰ ਉਹ ਕੈਨੇਡਾ ਵੱਲੋਂ ਇਸ ਸਬੰਧੀ ਕੀਤੀ ਕਾਰਵਾਈ ਤੋਂ ਸੰਤੁਸ਼ਟ ਨਹੀਂ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੰਘੇ ਦਿਨ ਆਸਟਰੇਲੀਆ ਦੇ ਕੈਨਬਰਾ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਕੈਨੇਡਾ ਨੂੰ ਚਾਹੀਦਾ ਹੈ ਕਿ ਉਹ ਭਾਰਤ ਵਿਰੋਧੀ ਤਾਕਤਾਂ ਨੂੰ ਹਿੰਸਾ ਤੇ ਬਗ਼ਾਵਤ ਨੂੰ ਹਵਾ ਦੇਣ ਲਈ, ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰਨ ਤੋਂ ਰੋਕੇ।
ਕੈਨੇਡੀਅਨ ਸੰਸਦ ਮੈਂਬਰ ਤੇ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਜੋ ਟਰੂਡੋ ਸਰਕਾਰ ਦੇ ਹਮਾਇਤੀ ਹਨ, ਨੇ ਹਾਲ ਹੀ ਵਿੱਚ ਵੈਨਕੂਵਰ ਅਧਾਰਿਤ ਪੰਜਾਬੀ ਰੇਡੀਓ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਗ਼ੈਰਜ਼ਿੰਮੇਵਾਰਾਨਾ ਬਿਆਨ ਦਿੰਦਿਆਂ ਵੱਖਵਾਦੀ ਤਾਕਤਾਂ ਵੱਲੋਂ ਕੀਤੀ ਖਾਲਿਸਤਾਨ ਦੀ ਮੰਗ ਦਾ ਸਵਾਗਤ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਹੋਛੀਆਂ ਗੱਲਾਂ ਹੀ ਭਾਰਤੀ ਪਰਵਾਸੀ ਭਾਈਚਾਰੇ ’ਚ ਪਾੜ ਪਾਉਂਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।