ਨਵੀਂ ਦਿੱਲੀ: ਦੇਸ਼ 'ਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਵਧ ਰਹੇ ਹਨ। ਕੋਰੋਨਾ ਮਹਾਮਾਰੀ ਖਿਲਾਫ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅਪ੍ਰੈਲ 'ਚ ਇਕ ਦਿਨ 'ਚ ਵੈਕਸੀਨ ਦੀ ਡੋਜ਼ ਦੇਣ ਦਾ ਅੰਕੜਾ 36 ਲੱਖ ਤਕ ਪਹੁੰਚ ਗਿਆ ਹੈ।


ਇਸ ਦਰਮਿਆਨ ਜਾਣਕਾਰੀ ਮਿਲੀ ਹੈ ਕਿ ਭਾਰਤ ਕੋਲ ਵੈਕਸੀਨ ਦਾ ਸਟੌਕ ਸਿਰਫ 5.5 ਦਿਨਾਂ ਦਾ ਬਚਿਆ ਹੈ। ਯਾਨੀ ਕਿ ਲਗਪਗ ਇਕ ਹਫਤੇ ਲਈ ਹੀ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਕੀਤੀ ਜਾ ਸਕਦੀ ਹੈ।


ਟਾਇਮਜ਼ ਆਫ ਇੰਡੀਆ ਦੀ ਰਿਪੋਰਟ ਦੇ ਮੁਤਾਬਕ ਭਾਰਤ ਕੋਲ ਵੈਕਸੀਨ ਦਾ ਟੋਟਲ ਸਟੌਕ ਕਰੀਬ 19.6 ਮਿਲੀਅਨ ਯਾਨੀ ਇਕ ਕਰੋੜ 96 ਲੱਖ ਡੋਜ਼ ਬਚੀ ਹੈ। ਜੇਕਰ ਹਰ ਦਿਨ 36 ਲੱਖ ਡੋਜ਼ ਦਿੱਤੀ ਜਾਵੇ ਤਾਂ ਇਹ ਸਟੌਕ ਅਗਲੇ 5.5 ਦਿਨਾਂ ਤਕ ਹੀ ਚੱਲ ਸਕੇਗਾ। 


ਹਾਲਾਂਕਿ ਚੰਗੀ ਗੱਲ ਇਹ ਹੈ ਕਿ ਅਗਲੇ ਇਕ ਹਫਤੇ ਤਕ ਵੈਕਸੀਨ ਦੀ ਨਵੀਂ ਖੇਪ ਪ੍ਰਾਪਤ ਹੋਣ ਵਾਲੀ ਹੈ। ਜੇਕਰ ਵੈਕਸੀਨੇਸ਼ਨ ਦੀ ਸਪੀਡ ਨੂੰ ਅੱਗੇ ਵਧਾਇਆ ਗਿਆ ਤਾਂ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਸਕਦੀ ਹੈ। ਅਜੇ ਫਿਲਹਾਲ ਭਾਰਤ 'ਚ 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।


ਕਈ ਸੂਬਿਆਂ 'ਚ ਟੀਕਾਕਰਨ ਕੇਂਦਰ ਬੰਦ


ਦੇਸ਼ ਦੇ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਰਹੀ ਹੈ। ਸੂਬਾ ਸਰਕਾਰਾਂ ਲਗਾਤਾਰ ਕੇਂਦਰ ਤੋਂ ਵੈਕਸੀਨ ਦੀ ਮੰਗ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖੇਤਰ ਵਾਰਾਣਸੀ 'ਚ ਕੋਵਿਡ ਵੈਕਸੀਨ ਦੀ ਕਮੀ ਦੇ ਚੱਲਦਿਆਂ ਕਰੀਬ 60 ਫੀਸਦ ਸਰਕਾਰੀ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਵਾਰਾਣਸੀ 'ਚ 66 ਸਰਕਾਰੀ ਟੀਕਾਕਰਨ ਕੇਂਦਰਾਂ 'ਚੋਂ ਸਿਰਫ 25 'ਤੇ ਹੀ ਟੀਕਾਕਰਨ ਹੋ ਰਿਹਾ ਹੈ।


ਮੁੰਬਈ ਦੇ 25 ਹਸਪਤਾਲਾਂ 'ਚ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ ਹੈ। ਬੀਐਮਸੀ ਨੇ ਦਾਅਵਾ ਕੀਤਾ ਕਿ ਵੀਰਵਾਰ ਟੀਕੇ ਦੀ ਕਮੀ ਕਾਰਨ ਮੁੰਬਈ ਦੇ 25 ਨਿੱਜੀ ਹਸਪਤਾਲਾਂ 'ਚ ਲੋਕਾਂ ਨੂੰ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ।