ਨਵੀਂ ਦਿੱਲੀ: ਭਾਰਤ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਅਜਿਹੇ ਹਾਲਾਤ ਵਿੱਚ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। 11 ਦੌਰ ਦੀ ਫ਼ੌਜ ਪੱਧਰੀ ਗੱਲਬਾਤ ਵਿਚਕਾਰ ਕਈ ਰਾਊਂਡ ਦੀ ਕੂਟਨੀਤਕ ਚਰਚਾ ਦੇ ਬਾਵਜੂਦ ਚੀਨ ਨੇ ਮੁੜ ਸਰਹੱਦ ਉੱਪਰ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਇਹ ਖ਼ਬਰ ਮਿਲੀ ਹੈ ਕਿ ਚੀਨ ਨੇ ਇੱਕ ਵਾਰ ਫਿਰ ਪੂਰਬੀ ਲੱਦਾਖ 'ਚ ਪੈਨਗੋਂਗ ਝੀਲ ਦੇ ਨੇੜੇ ਆਪਣੀ ਫ਼ੌਜੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ ਹੈ।

ਇੱਕ ਸਾਲ ਪਹਿਲਾਂ ਜਿੱਥੇ ਚੀਨੀ-ਭਾਰਤੀ ਫ਼ੌਜੀ ਵਿਚਾਲੇ ਝਗੜਾ ਹੋਇਆ ਸੀ, ਚੀਨ ਨੇ ਫਿਰ ਫ਼ੌਜੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਚੀਨੀ ਫ਼ੌਜ ਨੇ ਐਲਏਸੀ ਖੇਤਰਾਂ 'ਚ ਵੀ ਆਪਣੀ ਗਸ਼ਤ ਵਧਾ ਦਿੱਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਰਦੀਆਂ ਦਾ ਮੌਸਮ ਲੰਘਣ ਤੋਂ ਬਾਅਦ ਪੀਪਲਜ਼ ਲਿਬਰੇਸ਼ਨ ਆਰਮੀ ਅਸਥਾਈ ਹੈਲੀਪੈਡ, ਮਿਜ਼ਾਈਲ ਪੋਜੀਸ਼ਨ ਦੂਜੀਆਂ ਚੀਜ਼ਾਂ ਜੋ ਹੇਠਲੇ ਇਲਾਕਿਆਂ 'ਚ ਸਨ, ਵਾਪਸ ਐਲਏਸੀ ਵੱਲ ਭੇਜ ਦਿੱਤੀਆਂ ਹਨ। ਪੂਰਬੀ ਲੱਦਾਖ (ਲੱਦਾਖ) ਵਿੱਚ ਚੀਨੀ ਫ਼ੌਜ ਨੇ ਇੱਕ ਵਾਰ ਫਿਰ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।

ਚੀਨ ਵੱਲੋਂ ਟਕਰਾਅ ਵਾਲੇ ਇਲਾਕਿਆਂ ਦੇ ਆਸਪਾਸ ਫ਼ੌਜੀਆਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ 5-6 ਮਈ ਨੂੰ ਪੈਨਗੋਂਗ ਦੇ ਉੱਤਰੀ ਖੇਤਰ 'ਚ ਇਕ ਝੜਪ ਹੋਈ ਸੀ, ਜਿਸ 'ਚ ਦੋਵਾਂ ਪਾਸਿਆਂ ਤੋਂ ਦਰਜਨਾਂ ਫ਼ੌਜੀ ਜ਼ਖ਼ਮੀ ਹੋਏ ਸਨ। 9 ਮਈ ਨੂੰ ਇਕ ਵਾਰ ਫਿਰ ਝੜਪ ਹੋਈ ਸੀ। ਪੈਨਗੋਂਗ ਝੀਲ ਖੇਤਰ 'ਚ ਜੂਨ ਮਹੀਨੇ 'ਚ ਹਿੰਸਕ ਝੜਪਾਂ ਹੋਈਆਂ ਸਨ। 15 ਜੂਨ ਨੂੰ 45 ਸਾਲਾਂ 'ਚ ਪਹਿਲੀ ਵਾਰ 20 ਭਾਰਤੀ ਫ਼ੌਜੀ ਗਾਲਵਾਨ ਘਾਟੀ 'ਚ ਇਕ ਝੜਪ 'ਚ ਸ਼ਹੀਦ ਹੋ ਗਏ ਸਨ। ਉਸੇ ਸਮੇਂ ਚੀਨ ਦੇ ਵੀ ਬਹੁਤ ਸਾਰੇ ਫ਼ੌਜੀ ਮਾਰੇ ਗਏ ਸਨ।

ਜ਼ਿਕਰਯੋਗ ਹੈ ਕਿ ਇਸ ਦੌਰਾਨ ਚੀਨ ਆਪਣੀ ਤਰਫ਼ੋਂ ਕਈ ਵਾਰ ਧੱਕੇਸ਼ਾਹੀ ਕਰਦਾ ਆਇਆ ਹੈ। ਬੀਤੇ ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਫ਼ੋਨ ਕਰਕੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ 'ਚ ਮਦਦ ਦੇਣ ਦੀ ਅਪੀਲ ਕੀਤੀ ਸੀ। ਹਾਲਾਂਕਿ ਇਹ ਵੀ ਖ਼ਬਰਾਂ ਆਈਆਂ ਹਨ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਐਲਏਸੀ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਸੀ ਤਾਂ ਜੋ ਪੂਰਬੀ ਲੱਦਾਖ 'ਚ ਸ਼ਾਂਤੀ ਸਥਾਪਤ ਕੀਤੀ ਜਾ ਸਕੇ।