Border Airport: ਭਾਰਤ ਵੱਲੋਂ ਵੱਡਾ ਫੈਸਲਾ, 7 ਰਾਜਾਂ 'ਚ ਏਅਰਪੋਰਟ ਬੰਦ, 430 ਉਡਾਣਾਂ ਰੱਦ
India Border Airport Shut Down: ਭਾਰਤੀ ਫੌਜ ਵੱਲੋਂ ਪਾਕਿਸਤਾਨ 'ਤੇ ਮਜਾਈਲ ਹਮਲੇ ਤੋਂ ਬਾਅਦ ਤਣਾਅ ਵਧ ਗਿਆ ਹੈ। ਪਾਕਿਸਤਾਨ ਦੀਆਂ ਧਮਕੀਆਂ ਤੋਂ ਬਾਅਦ ਭਾਰਤ ਸਰਕਾਰ ਨੇ 9 ਮਈ ਤੱਕ 7 ਰਾਜਾਂ ਦੇ 27 ਹਵਾਈ ਅੱਡੇ

India Border Airport Shut Down: ਭਾਰਤੀ ਫੌਜ ਵੱਲੋਂ ਪਾਕਿਸਤਾਨ 'ਤੇ ਮਜਾਈਲ ਹਮਲੇ ਤੋਂ ਬਾਅਦ ਤਣਾਅ ਵਧ ਗਿਆ ਹੈ। ਪਾਕਿਸਤਾਨ ਦੀਆਂ ਧਮਕੀਆਂ ਤੋਂ ਬਾਅਦ ਭਾਰਤ ਸਰਕਾਰ ਨੇ 9 ਮਈ ਤੱਕ 7 ਰਾਜਾਂ ਦੇ 27 ਹਵਾਈ ਅੱਡੇ ਬੰਦ ਕਰ ਦਿੱਤੇ ਹਨ। ਇਹ ਰਾਜ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਹਨ। ਇਸ ਨਾਲ ਲੱਖਾਂ ਲੋਕਾਂ ਦੀ ਖੱਜਲ-ਖੁਆਰੀ ਵਧੀ ਹੈ।
ਹਾਸਲ ਜਾਣਕਾਰੀ ਮੁਤਾਬਕ ਪ੍ਰਮੁੱਖ ਹਵਾਈ ਅੱਡਿਆਂ ਵਿੱਚ ਸ਼੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਜੋਧਪੁਰ, ਰਾਜਕੋਟ, ਧਰਮਸ਼ਾਲਾ, ਅੰਮ੍ਰਿਤਸਰ, ਭੁਜ ਤੇ ਜਾਮਨਗਰ ਸ਼ਾਮਲ ਹਨ। ਇਹ ਹਵਾਈ ਅੱਡੇ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ ਹਵਾਈ ਅੱਡੇ ਤੇ ਉੱਤਰ ਪ੍ਰਦੇਸ਼ ਦੇ ਹਿੰਡਨ ਹਵਾਈ ਅੱਡੇ 'ਤੇ ਵੀ ਕੰਮ ਬੰਦ ਹੈ। ਏਅਰ ਇੰਡੀਆ, ਇੰਡੀਗੋ, ਏਅਰ ਇੰਡੀਆ ਐਕਸਪ੍ਰੈਸ, ਸਪਾਈਸਜੈੱਟ, ਅਕਾਸਾ ਏਅਰ ਤੇ ਕੁਝ ਵਿਦੇਸ਼ੀ ਏਅਰਲਾਈਨਾਂ ਨੇ ਅੱਜ ਲਗਪਗ 430 ਉਡਾਣਾਂ ਰੱਦ ਕਰ ਦਿੱਤੀਆਂ ਹਨ।
ਇਹ ਦੇਸ਼ ਦੀਆਂ ਰੋਜ਼ਾਨਾ ਉਡਾਣਾਂ ਦਾ 3% ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਲਗਭਗ 147 ਉਡਾਣਾਂ ਰੱਦ ਕੀਤੀਆਂ ਗਈਆਂ, ਜੋ ਰੋਜ਼ਾਨਾ ਉਡਾਣਾਂ ਦਾ 17% ਹੈ। ਏਅਰ ਇੰਡੀਆ ਨੇ 10 ਮਈ ਸਵੇਰੇ 05:29 ਵਜੇ ਤੱਕ 9 ਸ਼ਹਿਰਾਂ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਹ ਸ਼ਹਿਰ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਤੇ ਰਾਜਕੋਟ ਹਨ।
ਇੰਡੀਗੋ ਨੇ 10 ਮਈ ਸਵੇਰੇ 05:29 ਵਜੇ ਤੱਕ 11 ਸ਼ਹਿਰਾਂ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਹ ਸ਼ਹਿਰ ਜੰਮੂ, ਸ਼੍ਰੀਨਗਰ, ਅੰਮ੍ਰਿਤਸਰ, ਲੇਹ, ਚੰਡੀਗੜ੍ਹ, ਧਰਮਸ਼ਾਲਾ, ਬੀਕਾਨੇਰ, ਜੋਧਪੁਰ, ਗਵਾਲੀਅਰ, ਕਿਸ਼ਨਗੜ੍ਹ ਤੇ ਰਾਜਕੋਟ ਹਨ। ਸਪਾਈਸਜੈੱਟ ਨੇ 7 ਮਈ ਤੱਕ 6 ਸ਼ਹਿਰਾਂ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਇਹ ਸ਼ਹਿਰ ਲੇਹ, ਸ਼੍ਰੀਨਗਰ, ਜੰਮੂ, ਕਾਂਗੜਾ (ਹਿਮਾਚਲ), ਕਾਂਡਲਾ (ਗੁਜਰਾਤ) ਤੇ ਅੰਮ੍ਰਿਤਸਰ ਹਨ। ਇੰਡੀਗੋ ਦੀਆਂ 165 ਘਰੇਲੂ ਉਡਾਣਾਂ 10 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰਲਾਈਨ ਹਰ ਰੋਜ਼ ਲਗਪਗ 2200 ਉਡਾਣਾਂ ਚਲਾਉਂਦੀ ਹੈ। ਦਿੱਲੀ ਹਵਾਈ ਅੱਡੇ 'ਤੇ ਵੱਖ-ਵੱਖ ਏਅਰਲਾਈਨਾਂ ਦੀਆਂ 20 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਦਿੱਲੀ ਹਵਾਈ ਅੱਡੇ ਦੀ ਐਡਵਾਈਜ਼ਰੀ
ਦਿੱਲੀ ਹਵਾਈ ਅੱਡੇ ਨੇ ਸਲਾਹ ਵਿੱਚ ਕਿਹਾ ਹੈ ਕਿ ਯਾਤਰੀਆਂ ਨੂੰ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਤੋਂ ਬਾਅਦ ਹੀ ਹਵਾਈ ਅੱਡੇ ਲਈ ਰਵਾਨਾ ਹੋਣਾ ਚਾਹੀਦਾ ਹੈ। ਟਰਮੀਨਲ ਤੇ ਸਾਰੇ 4 ਰਨਵੇਅ 'ਤੇ ਆਮ ਵਾਂਗ ਕੰਮ ਚੱਲ ਰਿਹਾ ਹੈ। ਹਾਲਾਂਕਿ, ਹਵਾਈ ਖੇਤਰ ਦੀਆਂ ਬਦਲਦੀਆਂ ਸਥਿਤੀਆਂ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ 15 ਦਿਨ ਬਾਅਦ ਭਾਰਤ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਤੇ ਪੀਓਕੇ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਹੈ।






















