ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਲੋਕਾਂ ਦੀਆਂ ਜ਼ਿੰਦਗੀਆਂ ਖੋਹ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਚਾਰ ਹਜ਼ਾਰ ਤੋਂ ਵੱਧ ਲੋਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਰਹੇ ਹਨ। ਹਾਲਾਂਕਿ, ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਦੀ ਰਫ਼ਤਾਰ ਕੁਝ ਘੱਟ ਹੋਈ ਹੈ, ਪਰ ਸਥਿਤੀ ਹਾਲੇ ਸੁਧਰੀ ਨਹੀਂ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਦੀ ਰਫ਼ਤਾਰ ਇੱਕ ਵਾਰ ਫਿਰ ਤੋਂ ਵਧੀ ਹੈ, ਉੱਥੇ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲੇ ਤੇ ਮੌਤਾਂ ਦੀ ਗਿਣਤੀ ਘਟੀ ਹੈ। ਉੱਤਰ ਪ੍ਰਦੇਸ਼ ਵਿੱਚ ਨਵੇਂ ਮਾਮਲੇ 20,000 ਤੋਂ ਘੱਟ ਆਏ ਪਰ ਮੌਤਾਂ ਦੀ ਗਿਣਤੀ ਦੇ ਸਾਰੇ ਰਿਕਾਰਡ ਟੁੱਟ ਗਏ।


ਕੋਰੋਨਾ ਕੇਸਾਂ ਵਿੱਚ ਭਾਰਤ ਦਾ ਦੂਜਾ ਸਥਾਨ


ਅਮਰੀਕਾ ਤੋਂ ਬਾਅਦ ਕੋਵਿਡ-19 ਕਾਰਨ ਸਭ ਤੋਂ ਵੱਧ ਪੀੜਤ ਮੁਲਕਾਂ ਵਿੱਚ ਭਾਰਤ ਦੂਜੇ ਸਥਾਨ 'ਤੇ ਹੈ। ਮੌਤਾਂ ਦੇ ਮਾਮਲੇ ਵਿੱਚ ਵੀ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਪਰ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਭਾਰਤ ਵਿੱਚ ਤੰਦਰੁਸਤੀ ਦਰ ਚੰਗੀ ਰਹੀ ਹੈ। ਭਾਰਤ ਵਿੱਚ ਹੁਣ ਤੱਕ 1.97 ਕਰੋੜ ਲੋਕ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਅਮਰੀਕਾ ਤੋਂ ਬਾਅਦ ਸਿਰਫ ਭਾਰਤ ਵਿੱਚ ਹੀ ਇੰਨੇ ਲੋਕਾਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ। ਪਰ ਚਿੰਤਾ ਦੀ ਗੱਲ ਹੈ ਕਿ ਦੁਨੀਆ ਦੇ ਤਕਰੀਬਨ 50 ਫ਼ੀਸਦ ਨਵੇਂ ਮਾਮਲੇ ਭਾਰਤ ਵਿੱਚ ਹੀ ਆ ਰਹੇ ਹਨ।


ਭਾਰਤ ਦੇ ਸਭ ਤੋਂ ਵੱਧ ਪੀੜਤ ਸੂਬੇ


ਦੇਸ਼ ਦੇ ਤਕਰੀਬਨ 54 ਫ਼ੀਸਦ ਐਕਟਿਵ ਕੇਸ ਮਹਾਰਾਸ਼ਟਰ, ਕਰਨਾਟਕ, ਕੇਰਲ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹਨ। 11 ਮਈ ਨੂੰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 5,61,347 ਮਾਮਲੇ, ਕਰਨਾਟਕ ਵਿੱਚ 5,87,472, ਕੇਰਲ ਵਿੱਚ 4,24,309, ਉੱਤਰ ਪ੍ਰਦੇਸ਼ ਵਿੱਚ 2,16,057 ਅਤੇ ਰਾਜਸਥਾਨ ਵਿੱਚ 2,05,730 ਮਾਮਲੇ ਕੋਵਿਡ-19 ਮੌਜੂਦ ਸਨ।



  • ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਵਿਡ-19 ਦੇ 46,781 ਨਵੇਂ ਮਾਮਲੇ ਸਾਹਮਣੇ ਆਏ ਅਤੇ 816 ਮੌਤਾਂ ਦਰਜ ਕੀਤੀਆਂ ਗਈਆਂ। ਸੂਬੇ ਵਿੱਚ ਲਾਗ ਦੇ ਕੁੱਲ ਮਾਮਲੇ ਵੱਧ ਕੇ 52,26,710 ਹੋ ਗਏ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ ਵੱਧ ਕੇ 78,007 ਹੋ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਵਿਡ ਦੇ 40,956 ਮਾਮਲੇ ਆਏ ਸਨ, 793 ਮੌਤਾਂ ਹੋਈਆਂ ਸਨ। ਮਹਾਰਾਸ਼ਟਰ ਵਿੱਚ 58,805 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਤਰ੍ਹਾਂ ਕੁੱਲ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 46,00,196 ਹੋ ਗਈ ਹੈ।

  • ਕਰਨਾਟਕ ਵਿੱਚ ਬੁੱਧਵਾਰ ਨੂੰ ਕੋਵਿਡ-19 ਕਾਰਨ 517 ਲੋਕਾਂ ਦੀ ਮੌਤ ਹੋਣ ਮਗਰੋਂ ਸੂਬੇ ਵਿੱਚ ਕੁੱਲ ਮੌਤਾਂ ਦਾ ਅੰਕੜਾ 20,368 'ਤੇ ਪਹੁੰਚ ਗਈ ਜਦਕਿ 39,998 ਨਵੇਂ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਸੂਬੇ ਵਿੱਚ ਕੋਰੋਨਾ ਲਾਗ ਦੇ ਕੁੱਲ ਮਾਮਲੇ 20,53,191 ਹੋ ਗਏ ਹਨ, ਜਿਨ੍ਹਾਂ ਵਿੱਚੋਂ 5,92,182 ਮਰੀਜ਼ ਹਾਲੇ ਬਿਮਾਰੀ ਨਾਲ ਜੂਝ ਰਹੇ ਹਨ। ਬੁੱਧਵਾਰ ਨੂੰ 34,752 ਜਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ, ਜਿਸ ਨਾਲ ਸੂਬੇ ਵਿੱਚ ਤੰਦਰੁਸਤ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 14,40,621 ਹੋ ਗਈ ਹੈ।

  • ਕੇਰਲ ਵਿੱਚ ਬੁੱਧਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ 43,529 ਲੋਕ ਕੋਰੋਨਾ ਪਾਜ਼ੇਟਿਵ ਦਰਜ ਕੀਤੇ ਗਏ। ਇਸ ਕਾਰਨ ਸੂਬੇ ਵਿੱਚ ਕੁੱਲ ਕੋਵਿਡ-19 ਪਾਜ਼ੇਟਿਵ ਮਾਮਲੇ 19,80,879 ਤੱਕ ਪਹੁੰਚ ਗਏ। ਇਸੇ ਦਿਨ 95 ਮਰੀਜ਼ਾਂ ਦੀ ਮੌਤ ਹੋਣ ਨਾਲ ਸੂਬੇ ਵਿੱਚ ਕੁੱਲ ਮੌਤਾਂ ਦਾ ਅੰਕੜਾ 6,053 ਹੋ ਗਿਆ ਹੈ। ਹਾਲਾਂਕਿ, 34,600 ਜਣਿਆਂ ਦੇ ਠੀਕ ਹੋਣ ਕਾਰਨ ਕੋਰੋਨਾ ਤੋਂ ਮੁਕਤ ਹੋਣ ਵਾਲਿਆਂ ਦੀ ਗਿਣਤੀ 15,71,738 ਹੋ ਗਈ ਹੈ।

  • ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 329 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। 18,125 ਨਵੇਂ ਮਰੀਜ਼ਾਂ ਵਿੱਚ ਕੋਵਿਡ-19 ਲਾਗ ਦੀ ਪੁਸ਼ਟੀ ਹੋਈ ਹੈ। ਇਸ ਵਾਇਰਸ ਕਾਰਨ ਮੌਤਾਂ ਦੀ ਗਿਣਤੀ 16,372 ਹੋ ਗਈ ਹੈ। ਸੂਬੇ ਵਿੱਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 15,63,238 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 13,40,251 ਮਰੀਜ਼ ਠੀਕ ਵੀ ਹੋ ਗਏ ਹਨ।

  • ਰਾਜਸਥਾਨ ਵਿੱਚ ਬੀਤੇ ਕੱਲ੍ਹ ਕੋਵਿਡ-19 ਦੇ 16,384 ਨਵੇਂ ਮਾਮਲੇ ਦਰਜ ਕੀਤੇ ਗਏ ਜਦਕਿ ਮਹਾਮਾਰੀ ਕਾਰਨ 164 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਸੂਬੇ ਵਿੱਚ ਹੁਣ ਤੱਕ ਕੁੱਲ 6,158 ਲੋਕ ਇਸ ਮਹਾਮਾਰੀ ਵਿੱਚ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਬੀਤੇ 24 ਘੰਟਿਆਂ ਵਿੱਚ 12,840 ਮਰੀਜ਼ ਠੀਕ ਹੋਏ ਹਨ।