ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਘਠਨ (SCO) ਦੀ ਸ਼ਿਖਰ ਮੀਟਿੰਗ 'ਚ ਹਿੱਸਾ ਲੈਣ ਲਈ ਚੀਨ ਪਹੁੰਚੇ। ਉਨ੍ਹਾਂ ਨੇ SCO ਸਮਿੱਟ ਦੀ ਜੁਆਇੰਟ ਸਟੇਟਮੈਂਟ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ। ਰਿਪੋਰਟਾਂ ਅਨੁਸਾਰ, ਭਾਰਤ ਚਾਹੁੰਦਾ ਸੀ ਕਿ ਇਸ ਬਿਆਨ 'ਚ ਸਰਹੱਦ ਪਾਰ ਤੋਂ ਹੋ ਰਹੇ ਆਤੰਕਵਾਦ ਦੀ ਗੱਲ ਸ਼ਾਮਿਲ ਕੀਤੀ ਜਾਵੇ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਇਲਾਵਾ, ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਹੋਰ ਝਟਕਾ ਦਿੰਦਿਆਂ, ਪਾਕ ਰੱਖਿਆ ਮੰਤਰੀ ਖਵਾਜਾ ਆਸਿਫ ਨਾਲ ਮੁਲਾਕਾਤ ਨਹੀਂ ਕੀਤੀ।
ਹਾਲ ਹੀ 'ਚ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ। ਭਾਰਤ ਕਈ ਵਾਰੀ ਵਿਸ਼ਵ ਮੰਚਾਂ 'ਤੇ ਅੱਤਵਾਦ ਦੇ ਮੁੱਦੇ ਨੂੰ ਉਠਾ ਚੁੱਕਿਆ ਹੈ। ਹੁਣ SCO ਸਮਿੱਟ ਵਿਚ ਵੀ ਭਾਰਤ ਚਾਹੁੰਦਾ ਸੀ ਕਿ ਇਹ ਮੁੱਦਾ ਜੁਆਇੰਟ ਸਟੇਟਮੈਂਟ 'ਚ ਦਰਜ ਹੋਵੇ, ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਰਾਜਨਾਥ ਸਿੰਘ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਅੱਤਵਾਦ ਦੇ ਮੁੱਦੇ 'ਤੇ ਰਾਜਨਾਥ ਸਿੰਘ ਨੇ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਤਵਾਦੀਆਂ, ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣ ਵਾਲਿਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਆਤੰਕਵਾਦ ਨਾਲ ਨਜਿੱਠਣ ਲਈ ਦੋਹਰਾ ਮਾਪਦੰਡ ਨਹੀਂ ਵਰਤਣਾ ਚਾਹੀਦਾ।
SCO (ਸ਼ੰਘਾਈ ਸਹਿਯੋਗ ਸੰਘਠਨ) ਦੀ ਇਕ ਬੈਠਕ ਦੌਰਾਨ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਕੁਝ ਦੇਸ਼ ਅੱਤਵਾਦੀਆਂ ਨੂੰ ਪਨਾਹ ਦੇਣ ਲਈ ਸਰਹੱਦੀ ਆਤੰਕਵਾਦ ਨੂੰ ਇੱਕ ਨੀਤੀਗਤ ਹਥਿਆਰ ਵਜੋਂ ਵਰਤ ਰਹੇ ਹਨ, ਜੋ ਕਿ ਬਿਲਕੁਲ ਸਵੀਕਾਰਯੋਗ ਨਹੀਂ।
ਪਹਿਲਗਾਮ ਆਤੰਕਵੀ ਹਮਲੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਹਮਲਾ ਭਾਰਤ 'ਚ ਲਸ਼ਕਰ-ਏ-ਤੋਇਬਾ ਵੱਲੋਂ ਕੀਤੇ ਪਿਛਲੇ ਹਮਲਿਆਂ ਵਰਗਾ ਹੀ ਸੀ। ਉਨ੍ਹਾਂ ਕਿਹਾ ਕਿ ਭਾਰਤ ਆਤੰਕਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੇ ਮਾਮਲੇ 'ਚ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। SCO ਨੂੰ ਵੀ ਇਸ ਮੁੱਦੇ 'ਤੇ ਦੋਹਰੇ ਰਵੱਈਏ ਅਪਣਾਉਣ ਵਾਲੇ ਦੇਸ਼ਾਂ ਦੀ ਨਿੰਦਾ ਕਰਨ ਵਿੱਚ ਹਿਚਕਿਚਾਣ ਨਹੀਂ ਕਰਨੀ ਚਾਹੀਦੀ। ਯਾਦ ਰਹੇ ਕਿ ਭਾਰਤ ਨੇ ਪਹਿਲਗਾਮ ਹਮਲੇ ਦਾ ਜਵਾਬ "ਓਪਰੇਸ਼ਨ ਸਿੰਦੂਰ" ਰਾਹੀਂ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਵੀ ਤਣਾਅਪੂਰਨ ਹੋ ਗਏ।