ਨਵੀਂ ਦਿੱਲੀ: ਦੇਸ਼ ਤੇ ਅੱਤਵਾਦੀ ਹਮਲੇ ਦੀ ਇਕ ਵੱਡੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਛੇ ਅੱਤਵਾਦੀਆਂ ਨੇ ਕਈ ਸ਼ਹਿਰਾਂ ਤਕ ਵਿਸਫੋਟਕ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਕਈ ਸੂਬਿਆਂ ਦੀ ਪੁਲਿਸ ਹੁਣ ਇਸ ਪੂਰੀ ਸਾਜ਼ਿਸ਼ ਦੇ ਤਾਰ ਜੋੜਨ 'ਚ ਜੁੱਟੀ ਹੈ। ਹਾਲਾਂਕਿ ਕਿਹਾ ਇਹ ਜਾ ਰਿਹਾ ਹੈ ਕਿ ਆਖਰੀ ਸਮੇਂ 'ਚ ਪਰਦਾਫਾਸ਼ ਹੋਣ ਨਾਲ ਅੱਤਵਾਦੀ ਧਮਾਕੇ ਤੋਂ ਦੇਸ਼ ਵਾਲ-ਵਾਲ ਬਚ ਗਿਆ।


ਇਨ੍ਹਾਂ ਅੱਤਵਾਦੀਆਂ 'ਚ ਪਹਿਲਾ ਨਾਂਅ ਹੈ ਜਾਨ ਮੋਹੰਮਦ ਸ਼ੇਖ, ਜੋ ਮੁੰਬਈ ਦਾ ਰਹਿਣ ਵਾਲਾ ਹੈ। ਉਸ ਨੂੰ ਪੁਲਿਸ ਨੇ ਰਾਜਸ਼ਤਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕੀਤਾ। ਇਸ ਗੈਂਗ ਦਾ ਦੂਜਾ ਚਿਹਰਾ ਹੈ ਅਬੂ ਬਕਰ ਜੋ ਯੂਪੀ ਦੇ ਬਹਿਰਾਇਚ ਦਾ ਰਹਿਣ ਵਾਲਾ ਹੈ। ਉਸ ਨੂੰ ਦਿੱਲੀ ਤੋਂ ਫੜਿਆ ਗਿਆ। ਤੀਜਾ ਸ਼ਖਸ ਓਸਾਮਾ ਹੈ ਉਸ ਨੂੰ ਵੀ ਦਿੱਲੀ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ। ਚੌਥਾ ਨਾਂਅ ਮੂਲਚੰਦ ਉਰਫ਼ ਲਾਲਾ ਦਾ ਹੈ। ਇਹ ਯੂਪੀ ਦੇ ਰਾਇਬਰੇਲੀ ਦਾ ਰਹਿਣ ਵਾਲਾ ਹੈ। ਪੰਜਵਾਂ ਨਾਂਅ ਹੈ ਪ੍ਰਯਾਗਰਾਜ ਦਾ ਜੀਸ਼ਨ ਕਮਰ ਤੇ ਛੇਵਾਂ ਲਖਨਊ ਦਾ ਆਮਿਰ ਜਾਵੇਦ ਹੈ।


ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ


ਪੁਲਿਸ ਦੇ ਮੁਤਾਬਕ ਦੇਸ਼ ਦੇ ਕਈ ਸ਼ਹਿਰਾਂ 'ਚ ਵਿਸਫੋਟਕ ਪਹੁੰਚ ਚੁੱਕਾ ਸੀ। ਯੂਪੀ ਦੀ ਰੇਕੀ ਹੋ ਚੁੱਕੀ ਸੀ। ਮਹਾਰਾਸ਼ਟਰ ਦੀ ਰੇਕੀ ਕਰਨ ਵਾਲੇ ਸਨ। ਜਾਨ ਮੋਹੰਮਦ ਮੁੰਬਈ ਤੋਂ ਯੂਪੀ ਜਾਂਦਿਆਂ ਸਮੇਂ ਫੜਿਆ ਗਿਆ। ਜਾਨ ਮੋਹੰਮਦ ਯੂਪੀ ਤੋਂ ਵਿਸਫੋਟਕ ਲੈਣ ਜਾ ਰਿਹਾ ਸੀ। ਧਮਾਕੇ ਲਈ ਉੱਤਰ ਪ੍ਰਦੇਸ਼ ਤੇ ਸਭ ਤੋਂ ਜ਼ਿਆਦਾ ਫੋਕਸ ਸੀ। ਕਈ ਸੂਬਿਆਂ ਦੀ ਪੁਲਿਸ ਹੁਣ ਇਸ ਜਾਂਚ 'ਚ ਲੱਗੀ ਹੈ ਕਿ ਵਿਸਫੋਟਕ ਕਿਹੜੇ ਸ਼ਹਿਰਾਂ 'ਚ ਪਹੁੰਚਿਆਂ, ਇਸ ਸਾਜ਼ਿਸ਼ 'ਚ ਕੁੱਲ ਕਿੰਨੇ ਅੱਤਵਾਦੀ ਸ਼ਾਮਿਲ ਸਨ। ਫਿਲਹਾਲ ਪੁਲਿਸ ਨੂੰ ਅੱਤਵਾਦੀ ਓਸਾਮਾ ਦੇ ਦੋ ਰਿਸ਼ਤੇਦਾਰਾਂ ਦੀ ਤਲਾਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਹੁਮੈਦ ਅੱਤਵਾਦੀ ਓਸਾਮਾ ਦਾ ਚਾਚਾ ਹੈ।


ਹੁਮੈਦ ਦੇ ਜਿੰਮੇ IED ਪਹੁੰਚਾਉਣ ਦਾ ਕੰਮ ਸੀ।


ਦੂਜਾ ਸ਼ੱਕੀ ਉਬੈਦੁਰ ਰਹਿਮਾਨ ਹੈ, ਜੋ ਓਸਾਮਾ ਦਾ ਪਿਤਾ ਹੈ। ਸੂਤਰਾਂ ਦੇ ਮੁਤਾਬਕ ਓਬੈਦੁਰ ਰਹਿਮਾਨ ਦੁਬਈ 'ਚ ਰਹਿ ਸਕਦਾ ਹੈ। ਇਹ ISI ਦੇ ਸਿੱਧਾ ਸੰਪਰਕ 'ਚ ਹੈ। ਓਸਾਮਾ ਤੋਂ ਪੁੱਛਗਿਛ ਤੇ ਚੈਟ ਤੋਂ ਇਹ ਖੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਪਹਿਲਾ ISI ਦੇ ਟਾਰਗੇਟ 'ਤੇ ਯੂਪੀ ਸੀ ਉਸ ਤੋਂ ਬਾਅਦ ਮਹਾਰਾਸ਼ਟਰ। ਦਰਅਸਲ ਦਾਊਦ ਨੇ ਪੂਰੀ ਸਾਜ਼ਿਸ਼ ਹੀ 1993 ਦੇ ਮੁੰਬਈ ਬਲਾਸਟ ਦੇ ਪੈਟਰਨ 'ਤੇ ਰਚੀ ਸੀ।


1993 ਦੀ ਹੀ ਤਰ੍ਹਾਂ ਡੀ ਕੰਪਨੀ ਨੂੰ ਵਿਸਫੋਟਕ ਪਹੁੰਚਾਉਣ ਤੇ ਫੰਡਿੰਗ ਦਾ ਕੰਮ ਦਿੱਤਾ ਗਿਆ, ਦਾਊਦ ਦੇ ਭਰਾ ਅਨੀਸ ਦੀ ਭੂਮਿਕਾ ਇਸ ਵਾਰ ਵੀ ਉਹੀ ਸੀ ਜੋ 1993 ਧਮਾਕੇ 'ਚ ਲੌਜਿਸਟਿਕ ਲਈ ਸਥਾਨਕ ਗਿਰੋਹ ਦਾ ਇਸਤੇਮਾਲ ਹੋਇਆ, ਇਸ ਵਾਰ ਵੀ ਯੂਪੀ, ਦਿੱਲੀ ਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।


1993 ਦੇ ਧਮਾਕੇ 'ਚ ਟ੍ਰੇਨਿੰਗ ਲਈ ਖਾੜੀ ਦੇਸ਼ਾਂ ਦੇ ਰਾਹੀਂ ਦਾਊਦ ਦੇ ਗੁਰਗੇ ਪਾਕਿਸਤਾਨ ਪਹੁੰਚੇ, ਇਸ ਵਾਰ ਵੀ ਟ੍ਰੇਨਿੰਗ ਲਈ ਮਸਕਟ ਦੇ ਰਾਹੀਂ ਲੋਕ ਪਾਕਿਸਤਾਨ ਭੇਜੇ ਗਏ। 1993 ਦੇ ਧਮਾਕੇ 'ਚ ਸਾਰਾ ਕੋਆਰਡੀਨੇਸ਼ਨ ਅਨੀਸ ਇਬਰਾਹਿਮ ਨੇ ਕੀਤਾ ਸੀ, 2021 'ਚ ਵੀ ਅਨੀਸ ਇਬਰਾਹਿਮ ਨੂੰ ਹੀ ਕੋਆਰਡੀਨੇਟਰ ਬਣਾਇਆ ਗਿਆ। ਸਾਜ਼ਿਸ਼ ਇਹ ਸੀ ਕਿ ਤਿਉਹਾਰਾਂ ਦੇ ਮੌਕੇ 'ਤੇ ਇਕੱਠੇ ਕਈ ਥਾਵਾਂ 'ਤੇ ਧਮਾਕਿਆਂ ਨਾਲ ਦੇਸ਼ ਨੂੰ ਦਹਿਲਾਇਆ ਜਾਵੇ। ਪੂਰੇ ਮਾਮਲੇ ਦੀ ਜਾਂਚ ਦਾ ਅਜੇ ਸ਼ੁਰੂਆਤੀ ਗੇੜ ਹੈ, ਜਿਵੇਂ-ਜਿਵੇਂ ਪੁੱਛਗਿਛ ਹੋਵੇਗੀ, ਉਵੇਂ ਪੂਰਾ ਅੱਤਵਾਦੀ ਪਲਾਨ ਬੇਨਕਾਬ ਹੋਵੇਗਾ।