Lok Sabha Speaker: ਕੌਣ ਬਣੇਗਾ ਸਪੀਕਰ? ਇਹ ਸਵਾਲ ਹੁਣ ਵੱਡਾ ਹੁੰਦਾ ਜਾ ਰਿਹਾ ਹੈ। ਭਾਜਪਾ ਕਿਸੇ ਵੀ ਕੀਮਤ 'ਤੇ ਸਪੀਕਰ ਦੀ ਕੁਰਸੀ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਇਸ ਲਈ ਪਾਰਟੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਐਨਡੀਏ ਸਹਿਯੋਗੀਆਂ ਨਾਲ ਗੱਲਬਾਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। 24 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਸੈਸ਼ਨ ਲਈ ਰਾਜਨਾਥ ਸਿੰਘ ਦੇ ਘਰ ਮੀਟਿੰਗ ਵੀ ਕੀਤੀ ਗਈ। ਸੰਸਦ ਦਾ ਸੈਸ਼ਨ ਕਿਵੇਂ ਚੱਲਣਾ ਚਾਹੀਦਾ ਹੈ, ਇਸ ਬਾਰੇ ਚਰਚਾ ਹੋਈ ਪਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਭਾਜਪਾ ਕਿਸ ਨੂੰ ਸਪੀਕਰ ਬਣਾਏਗੀ ਤੇ ਕਿਸ ਨੂੰ ਡਿਪਟੀ ਸਪੀਕਰ?
ਵਿਰੋਧੀ ਧਿਰ ਨੇ ਟੀਡੀਪੀ ਤੇ ਜੇਡੀਯੂ ਨੂੰ ਦਿੱਤਾ ਆਫਰ
ਦੂਜੇ ਪਾਸੇ ਵਿਰੋਧੀ ਧਿਰ 'INDIA' ਵੱਲੋਂ ਬੀਜੇਪੀ ਦੀ ਖੇਡ ਵਿਗਾੜੀ ਜਾ ਰਹੀ ਹੈ। ਵਿਰੋਧੀ ਧਿਰ ਵਾਰ-ਵਾਰ ਕਹਿ ਰਹੀ ਹੈ ਕਿ ਜੇਡੀਯੂ ਤੇ ਟੀਡੀਪੀ ਨੂੰ ਸਪੀਕਰ ਤੇ ਡਿਪਟੀ ਸਪੀਕਰ ਦੇ ਅਹੁਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੰਜੇ ਰਾਉਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਟੀਡੀਪੀ ਕੋਈ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਇੰਡੀਆ ਅਲਾਇੰਸ ਉਸ ਦਾ ਸਮਰਥਨ ਕਰੇਗਾ।
ਉਧਰ, ਜੇਕਰ ਲੋਕ ਸਭਾ 'ਚ ਨੰਬਰ ਗੇਮ ਦੀ ਗੱਲ ਕਰੀਏ ਤਾਂ NDA ਕੋਲ 293 ਸੰਸਦ ਮੈਂਬਰਾਂ ਦਾ ਸਮਰਥਨ ਹੈ। ਇਸ ਦੇ ਨਾਲ ਹੀ ਇੰਡੀਆ ਅਲਾਇੰਸ ਕੋਲ ਸਿਰਫ਼ 233 ਸੰਸਦ ਮੈਂਬਰਾਂ ਦਾ ਸਮਰਥਨ ਹੈ। ਇਸ ਲਈ ਜੇਕਰ ਜੇਡੀਯੂ ਤੇ ਟੀਡੀਪੀ ਸਪੀਕਰ ਲਈ ਕੋਸ਼ਿਸ਼ ਕਰਦੇ ਹਨ ਤਾਂ ਬੀਜੇਪੀ ਦੀ ਖੇਡ ਵਿਗੜ ਸਕਦੀ ਹੈ।
ਦੱਸ ਦਈਏ ਕਿ 9 ਜੂਨ ਨੂੰ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਹੁਣ 26 ਜੂਨ ਨੂੰ ਇਹ ਤੈਅ ਹੋਵੇਗਾ ਕਿ ਲੋਕ ਸਭਾ ਸਪੀਕਰ ਦਾ ਅਹੁਦਾ ਕਿਸ ਕੋਲ ਜਾਵੇਗਾ? ਭਾਜਪਾ ਨੇ ਗਠਜੋੜ ਵਿੱਚ ਸਹਿਮਤੀ ਬਣਾਉਣ ਦੀ ਜ਼ਿੰਮੇਵਾਰੀ ਰਾਜਨਾਥ ਸਿੰਘ ਨੂੰ ਸੌਂਪੀ ਹੈ। ਰਾਜਨਾਥ ਸਿੰਘ ਦੇ ਘਰ ਬੈਠਕ ਹੋਈ, ਜਿਸ 'ਚ ਜੇਪੀ ਨੱਡਾ, ਕਿਰਨ ਰਿਜਿਜੂ, ਰਾਮ ਮੋਹਨ ਨਾਇਡੂ, ਚਿਰਾਗ ਪਾਸਵਾਨ ਤੇ ਲਲਨ ਸਿੰਘ ਸਮੇਤ ਕਈ ਨੇਤਾ ਮੌਜੂਦ ਸਨ।
ਜੇਡੀਯੂ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ
ਜੇਡੀਯੂ ਨੇ ਸਪੀਕਰ ਦੇ ਅਹੁਦੇ ਨੂੰ ਲੈ ਕੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਜੇਡੀਯੂ ਦੇ ਬੁਲਾਰੇ ਕੇਸੀ ਤਿਆਗੀ ਦਾ ਕਹਿਣਾ ਹੈ ਕਿ ਗਠਜੋੜ ਦੀ ਸਭ ਤੋਂ ਵੱਡੀ ਪਾਰਟੀ ਨੂੰ ਸਪੀਕਰ ਦੇ ਅਹੁਦੇ ਦਾ ਅਧਿਕਾਰ ਹੈ। ਭਾਜਪਾ ਐਨਡੀਏ ਵਿੱਚ ਸਭ ਤੋਂ ਵੱਡੀ ਪਾਰਟੀ ਹੈ। ਇਸ ਲਈ ਸਪੀਕਰ ਦੇ ਅਹੁਦੇ 'ਤੇ ਭਾਜਪਾ ਦਾ ਅਧਿਕਾਰ ਹੈ। ਅਸੀਂ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹਾਂ ਤੇ ਐਨਡੀਏ ਨੂੰ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਕਰਨਾ ਚਾਹੁੰਦੇ।
ਸਪੀਕਰ-ਡਿਪਟੀ ਸਪੀਕਰ ਦੇ ਅਹੁਦੇ ਲਈ ਇਹ ਨਾਂ ਚੱਲ ਰਹੇ
ਓਮ ਬਿਰਲਾ- ਸਪੀਕਰ
ਡੀ ਪੁਰੰਡੇਸ਼ਵਰੀ- ਡਿਪਟੀ ਸਪੀਕਰ
ਹਾਲਾਂਕਿ ਭਾਜਪਾ 'ਚ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਨ੍ਹਾਂ ਦੇ ਨਾਂ ਚਰਚਾ 'ਚ ਆਉਂਦੇ ਹਨ, ਉਨ੍ਹਾਂ ਦਾ ਨਾਂ ਲਿਸਟ 'ਚ ਕਿਤੇ ਵੀ ਨਹੀਂ ਹੁੰਦਾ। ਸਗੋਂ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆਉਂਦੇ ਹਨ। ਅਜਿਹੇ 'ਚ ਸਪੀਕਰ ਦੇ ਨਾਂ ਨੂੰ ਲੈ ਕੇ ਸਿਰਫ ਅਟਕਲਾਂ ਲਗਾਈਆਂ ਜਾ ਰਹੀਆਂ ਹਨ।