ਨਵੀਂ ਦਿੱਲੀ: ਅੱਜ ਭਾਰਤ ਤੇ ਆਸਟ੍ਰੇਲੀਆ ‘ਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਖੇਡਿਆ ਜਾ ਰਿਹਾ ਹੈ। ਇਸ ‘ਚ ਆਸਟ੍ਰੇਲੀਆ ਨੇ ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ 50 ਓਵਰਾਂ ‘ਚ ਨੌਂ ਵਿਕਟਾਂ ‘ਤੇ 272 ਦੌੜਾਂ ਬਣਾਈਆਂ।
ਆਸਟ੍ਰੇਲੀਆ ਦੇ ਖਿਡਾਰੀ ਉਸਮਾਨ ਖਵਾਜਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾ ਆਪਣਾ ਸੈਂਕੜਾ ਪੂਰਾ ਕੀਤਾ ਜੋ ਉਨ੍ਹਾਂ ਦੇ ਕਰੀਅਰ ‘ਚ ਵਨਡੇ ‘ਚ ਦੂਜਾ ਸੈਂਕੜਾ ਹੈ। ਇਸ ਤੋਂ ਇਲਾਵਾ ਪੀਟਰ ਹੈਂਡਸਕੌਭਬ ਨੇ ਕਰੀਅਰ ਦਾ ਚੌਥਾ ਅਰਧ-ਸੈਂਕੜਾ ਬਣਾਇਆ, ਉਸ ਨੇ 52 ਦੌੜਾਂ ਬਣਾਈਆਂ ਹਨ।
ਭਾਰਤ ਦੇ ਭੁਵਨੇਸ਼ਵਰ ਨੇ ਵੀ ਬਹਿਤਰੀਨ ਗੇਂਦਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ਆਪਣੇ ਖਾਤੇ ‘ਚ ਪਾਈਆਂ। ਇਸ ਦੇ ਨਾਲ ਮੁਹਮੰਦ ਸ਼ਮੀ ਤੇ ਰਵਿੰਦਰ ਜਡੇਜਾ ਨੇ ਦੋ-ਦੋ-ਵਿਕਟਾਂ ਹਾਸਲ ਕੀਤੀਆਂ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਕੋਟਲਾ ਦੀ ਜ਼ਮੀਨ ‘ਚ ਭਾਰੀ ਟੀਮ ਨੇ ਹੁਣ ਤਕ 20 ਵਨਡੇ ਖੇਡੇ ਹਨ ਜਿਨ੍ਹਾਂ ‘ਚ 12 ਜਿੱਤੇ ਤੇ 6 ਹਾਰੇ ਹਨ। ਜਦਕਿ ਇੱਕ ਵਨਡੇ ਰੱਦ ਹੋ ਗਿਆ ਤੇ ਇੱਕ ਬੇਨਤੀਜਾ ਰਿਹਾ ਸੀ। ਟੀਮ ਇੰਡੀਆ ਇਸ ਮੈਦਾਨ ‘ਤੇ ਪਿਛਲੇ 5 ਵਿੱਚੋਂ 4 ਵਨਡੇ ਜਿੱਤਣ ‘ਚ ਕਾਮਯਾਬ ਰਹੀ ਹੈ।