India vs Bharat: ਰਾਜਧਾਨੀ ਦਿੱਲੀ 'ਚ 9 ਅਤੇ 10 ਸਤੰਬਰ ਨੂੰ ਹੋਣ ਵਾਲੀ ਜੀ-20 ਬੈਠਕ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਿਦੇਸ਼ੀ ਮਹਿਮਾਨਾਂ ਨੂੰ ਭੇਜੇ ਗਏ ਡਿਨਰ ਕਾਰਡ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਇਸ ਡਿਨਰ ਕਾਰਡ ਵਿੱਚ 'ਇੰਡਿਆ ਦੇ ਰਾਸ਼ਟਰਪਤੀ' ਦੀ ਬਜਾਏ 'ਭਾਰਤ ਦੇ ਰਾਸ਼ਟਰਪਤੀ' ਦੀ ਵਰਤੋਂ ਕੀਤੀ ਗਈ ਹੈ।
ਇਸ ਕਾਰਡ ਦੇ ਸਾਹਮਣੇ ਆਉਣ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸੰਸਦ ਦੇ ਵਿਸ਼ੇਸ਼ ਸੈਸ਼ਨ 'ਚ ਕੇਂਦਰ ਸਰਕਾਰ ਭਾਰਤ ਦੇ ਸੰਵਿਧਾਨ 'ਚੋਂ ਇੰਡਿਆ ਸ਼ਬਦ ਨੂੰ ਹਟਾਉਣ ਲਈ ਬਿੱਲ ਪਾਸ ਕਰ ਸਕਦੀ ਹੈ। ਜੇਕਰ ਭਾਰਤ ਦੇ ਸੰਵਿਧਾਨ ਵਿੱਚੋਂ ਇੰਡਿਆ ਸ਼ਬਦ ਨੂੰ ਹਟਾ ਦਿੱਤਾ ਗਿਆ ਤਾਂ ਪਾਕਿਸਤਾਨ ਇਸ ਨੂੰ ਹੜੱਪ ਲਵੇਗਾ। ਪਾਕਿਸਤਾਨ ਪਹਿਲਾਂ ਵੀ ਇੰਡਿਆ ਦੇ ਨਾਂ 'ਤੇ ਦਾਅਵਾ ਕਰਦਾ ਰਿਹਾ ਹੈ।
ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਕਿਹਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ 'ਚ ਅਧਿਕਾਰਤ ਤੌਰ 'ਤੇ ਇੰਡਿਆ ਨਾਂ ਦੀ ਮਾਨਤਾ ਰੱਦ ਹੋ ਜਾਂਦੀ ਹੈ ਤਾਂ ਪਾਕਿਸਤਾਨ ਇੰਡਿਆ ਨਾਂ 'ਤੇ ਦਾਅਵਾ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਇਹ ਦਲੀਲ ਦਿੰਦਾ ਆ ਰਿਹਾ ਹੈ ਕਿ ਇੰਡਿਆ ਸਿੰਧੂ ਖੇਤਰ (Indus Region) ਦਾ ਹਵਾਲਾ ਦਿੰਦਾ ਹੈ। ਪਾਕਿਸਤਾਨ ਦੀ ਨਜ਼ਰ ਹੁਣ ਭਾਰਤ 'ਚ ਚੱਲ ਰਹੀ ਚਰਚਾ 'ਤੇ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ- ਇਹ ਖਬਰ ਅਸਲ ਦੇ ਵਿੱਚ ਸੱਚ ਹੈ... ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਲਈ ਸੱਦਾ ਪੱਤਰ 'ਇੰਡਿਆ ਦੇ ਰਾਸ਼ਟਰਪਤੀ' ਦੀ ਬਜਾਏ 'ਭਾਰਤ ਦੇ ਰਾਸ਼ਟਰਪਤੀ' ਦੇ ਨਾਂ 'ਤੇ ਭੇਜਿਆ ਹੈ।
ਪੀਐਮ ਮੋਦੀ ਦੀ ਇੰਡੋਨੇਸ਼ੀਆ ਦੌਰੇ ਦੀ ਚਿੱਠੀ ਵੀ ਸਾਹਮਣੇ ਆ ਗਈ
ਇੰਡਿਆ ਜਾਂ ਭਾਰਤ' ਦੇ ਮੁੱਦੇ 'ਤੇ ਸਿਆਸੀ ਖਿੱਚੋਤਾਣ ਦੇ ਵਿਚਕਾਰ, ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ ਦੌਰੇ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੱਤਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ‘Prime Minister of Bharat’ ਨਾਲ ਸੰਬੋਧਿਤ ਕੀਤਾ ਗਿਆ ਹੈ।