ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੂੰ ਅਗਲੇ ਮਹੀਨੇ ਇਜ਼ਰਾਈਲ ਦੇ ਸਪਾਈਸ-2000 ਬੰਬਾਂ ਦੀ ਨਵੀਂ ਖੇਪ ਮਿਲੇਗੀ। ਨਵੇਂ ਬੰਬ ਇਮਾਰਤ ਨੂੰ ਤਬਾਹ ਕਰਨ ਵਾਲਾ (ਬਿਲਡਿੰਗ ਬਲਾਸਟਰ) ਵਰਸ਼ਨ ਦੱਸਿਆ ਜਾ ਰਿਹਾ ਹੈ। 26 ਫਰਵਰੀ ਨੂੰ ਸਪਾਈਸ-2000 ਬੰਬਾਂ ਨਾਲ ਹੀ ਹਵਾਈ ਫ਼ੌਜ ਨੇ ਸਰਜੀਕਲ ਸਟ੍ਰਾਈਕ ਕਰ ਮੁੱਜ਼ਫਰਾਬਾਦ, ਚਕੋਟੀ ਤੇ ਬਾਲਾਕੋਟ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਉਡਾਇਆ ਸੀ।


ਹਵਾਈ ਫ਼ੌਜ ਦੇ ਉੱਚ ਅਫਸਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਪਾਈਸ-2000 ਬੰਬ ਸਤੰਬਰ ਦੇ ਅੱਧ ਤਕ ਉਨ੍ਹਾਂ ਨੂੰ ਮਿਲ ਜਾਣਗੇ। ਇਸ ਨਾਲ ਮਾਰਕ 84 ਵਾਰਹੈੱਡ ਵੀ ਮਿਲੇਗਾ। ਇਹ ਬੰਬ ਕਿਸੇ ਬਿਲਡਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਕਾਰਗਰ ਸਾਬਤ ਹੋਣਗੇ।

ਅਗਲੇ ਮਹੀਨੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੀ ਦੁਵੱਲੀ ਗੱਲਬਾਤ ਲਈ ਭਾਰਤ ਦੌਰੇ 'ਤੇ ਆ ਸਕਦੇ ਹਨ। ਇਸ ਦੌਰਾਨ ਬੰਬਾਂ ਦੀ ਸਪਲਾਈ ਹੋ ਸਕਦੀ ਹੈ। ਇਸੇ ਸਾਲ ਜੂਨ ਵਿੱਚ ਭਾਰਤੀ ਹਵਾਈ ਫ਼ੌਜ ਨੇ ਇਜ਼ਰਾਈਲ ਨਾਲ ਹੰਗਾਮੀ ਹਾਲਾਤ ਵਿੱਚ 100 ਸਪਾਈਸ-2000 ਬੰਬਾਂ ਦਾ ਸਮਝੌਤਾ ਕੀਤਾ ਸੀ।

ਬਾਲਾਕੋਟ ਏਅਰ ਸਟ੍ਰਾਈਕ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕਰਨ ਲਈ ਫ਼ੌਜ ਨੇ ਮਿਰਾਜ-2000 ਲੜਾਕੂ ਜਹਾਜ਼ਾਂ ਨਾਲ ਸਪਾਈਸ ਬੰਬਾਂ ਨੂੰ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਸੁੱਟਿਆ ਸੀ।