ਨਵੀਂ ਦਿੱਲੀ: ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਸ਼ਨੀਵਾਰ ਨੂੰ 22 ਅਪਾਚੇ ਲੜਾਕੂ ਹੈਲੀਕਾਪਟਰਾਂ ਵਿੱਚੋਂ ਪਹਿਲੇ ਚਾਰ ਹੈਲੀਕਾਪਟਰ ਭਾਰਤੀ ਹਵਾਈ ਫੌਜ ਨੂੰ ਸੌਂਪ ਦਿੱਤੇ ਹਨ। ਅਗਲੇ ਚਾਰ ਹੋਰ ਹੈਲੀਕਾਪਟਰਾਂ ਦੀ ਖੇਪ ਦੀ ਸਪਲਾਈ ਅਗਲੇ ਹਫ਼ਤੇ ਕੀਤੀ ਜਾਏਗੀ। ਏਐਚ64ਈ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਹਿੰਦਾਨ ਏਅਰਬੇਸ 'ਤੇ ਪਹੁੰਚਾਈ ਗਈ। ਦੱਸ ਦੇਈਏ ਇਹ ਸਪਲਾਈ ਕਰੋੜਾਂ ਡਾਲਰ ਦੇ ਸੌਦੇ ਹੋਣ ਤੋਂ ਚਾਰ ਸਾਲ ਬਾਅਦ ਕੀਤੀ ਗਈ ਹੈ।

ਬੋਇੰਗ ਨੇ ਕਿਹਾ ਕਿ ਅਪਾਚੇ ਹੈਲੀਕਾਪਟਰਾਂ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ ਤੇ ਅਗਲੇ ਹਫ਼ਤੇ ਚਾਰ ਹੋਰ ਹੈਲੀਕਾਪਟਰ ਆਈਏਐਫ ਨੂੰ ਸਪਲਾਈ ਕੀਤੇ ਜਾਣਗੇ। ਕੰਪਨੀ ਮੁਤਾਬਕ ਇਸ ਸਪਲਾਈ ਮਗਰੋਂ ਅੱਠ ਹੈਲੀਕਾਪਟਰ ਪਠਾਨਕੋਟ ਏਅਰਫੋਰਸ ਸਟੇਸ਼ਨ ਭੇਜੇ ਜਾਣਗੇ ਤਾਂ ਜੋ ਸਤੰਬਰ ਵਿੱਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾ ਸਕੇ।

ਦੱਸ ਦੇਈਏ ਏਏਐਚ64ਈ ਅਪਾਚੇ ਦੁਨੀਆ ਦੇ ਸਭ ਤੋਂ ਉੱਨਤ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹੈ ਜਿਸ ਨੂੰ ਯੂਐਸ ਆਰਮੀ ਉਡਾਉਂਦੀ ਹੈ। ਭਾਰਤੀ ਹਵਾਈ ਫੌਜ ਨੇ ਸਤੰਬਰ, 2015 ਵਿੱਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਨਾਲ 22 ਅਪਾਚੇ ਹੈਲੀਕਾਪਟਰਾਂ ਲਈ ਕਰੋੜਾਂ ਡਾਲਰ ਦੇ ਸੌਦੇ 'ਤੇ ਦਸਤਖਤ ਕੀਤੇ ਸੀ।