Indian Army: ਭਾਰਤੀ ਫ਼ੌਜ ਨੇ ਜੰਮੂ ਦੇ ਪੁੰਛ ਸੈਕਟਰ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਇੱਕ ਵੱਡੀ ਅੱਤਵਾਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ। ਫ਼ੌਜ ਨੇ ਦਾਅਵਾ ਕੀਤਾ ਹੈ ਕਿ ਇਸ ਆਪਰੇਸ਼ਨ 'ਚ ਇੱਕ ਅੱਤਵਾਦੀ ਮਾਰਿਆ ਗਿਆ, ਜਦਕਿ ਦੋ ਫਰਾਰ ਹੋ ਗਏ, ਫੌਜ ਦਾ ਦੋਸ਼ ਹੈ ਕਿ ਪਾਕਿਸਤਾਨ ਸ਼ਾਂਤੀ ਭੰਗ ਕਰਨ ਦੇ ਮਕਸਦ ਨਾਲ ਰਾਜੌਰੀ ਅਤੇ ਪੁੰਛ 'ਚ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਫੌਜ ਦੇ ਪੁੰਛ ਬ੍ਰਿਗੇਡ ਕਮਾਂਡਰ ਬ੍ਰਿਗੇਡੀਅਰ ਰਾਜੇਸ਼ ਬਿਸ਼ਟ ਨੇ ਦੱਸਿਆ ਕਿ ਆਪਰੇਸ਼ਨ ਬੰਦੀ ਨਾਲਾ ਤਹਿਤ ਭਾਰਤੀ ਫ਼ੌਜ ਨੇ ਵੀਰਵਾਰ (3 ਨਵੰਬਰ) ਨੂੰ ਪੁੰਛ ਸੈਕਟਰ ਵਿੱਚ ਸਰਹੱਦ ਨੇੜੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਘੇਰ ਲਿਆ।
LOC 'ਤੇ ਸ਼ੱਕੀ ਹਰਕਤ
ਭਾਰਤੀ ਫ਼ੌਜ ਦੇ ਜਵਾਨਾਂ ਨੇ ਵੀਰਵਾਰ (3 ਨਵੰਬਰ) ਨੂੰ ਸਵੇਰੇ 9:30 ਵਜੇ ਐਲਓਸੀ ਨੇੜੇ ਸ਼ੱਕੀ ਹਰਕਤ ਦੇਖੀ। ਪਠਾਨੀ ਸੂਟ ਪਹਿਨੇ ਪਾਕਿਸਤਾਨ ਦੇ ਤਿੰਨ ਘੁਸਪੈਠੀਆਂ ਨੇ ਪੁੰਛ ਦੇ ਨਕਰਕੋਟ ਇਲਾਕੇ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਭਾਰਤੀ ਫ਼ੌਜ ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਲਲਕਾਰਿਆ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ।
ਹਮਲੇ 'ਚ ਇੱਕ ਅੱਤਵਾਦੀ ਮਾਰਿਆ ਗਿਆ
ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਗੋਲੀਬਾਰੀ 'ਚ ਦੋ ਘੁਸਪੈਠੀਏ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਦਕਿ ਇੱਕ ਮਾਰਿਆ ਗਿਆ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਰੁਕਣ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜ ਦੇ ਜਵਾਨਾਂ ਨੂੰ ਇੱਕ ਅੱਤਵਾਦੀ ਦੀ ਲਾਸ਼ ਮਿਲੀ ਹੈ। ਭਾਰਤੀ ਫ਼ੌਜ ਨੇ ਆਪਰੇਸ਼ਨ ਦੌਰਾਨ ਗੋਲਾ ਬਾਰੂਦ ਬਰਾਮਦ ਕੀਤਾ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਵੱਲ ਜਾਂਦੇ ਖੂਨ ਦੀਆਂ ਨਿਸ਼ਾਨੀਆਂ ਨੂੰ ਵੀ ਦੇਖਿਆ, ਜਿਸ ਦਾ ਸਾਫ ਮਤਲਬ ਸੀ ਕਿ ਇਸ ਗੋਲੀਬਾਰੀ ਵਿਚ ਜ਼ਖਮੀ ਹੋਏ ਦੋ ਘੁਸਪੈਠੀਏ ਪਾਕਿਸਤਾਨ ਵੱਲ ਭੱਜ ਗਏ।
ਮੁਸ਼ਕਲ ਹਾਲਾਤਾਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ
ਜਿਸ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਉਹ ਵੱਡੇ ਪੱਥਰਾਂ ਨਾਲ ਢੱਕਿਆ ਹੋਇਆ ਹੈ। ਪੂਰਾ ਜੰਗਲ ਸੰਘਣੇ ਦਰੱਖਤਾਂ ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਭਾਰਤੀ ਫੌਜ ਨੂੰ ਆਪਰੇਸ਼ਨ ਨੂੰ ਪੂਰਾ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਫੌਜ ਨੇ ਤਲਾਸ਼ੀ ਮੁਹਿੰਮ ਦੌਰਾਨ 4 ਏਕੇ 47 ਰਾਈਫਲਾਂ, ਚਾਰ ਮੈਗਜ਼ੀਨ, 43 ਰੌਂਦ, ਇਕ ਚੀਨੀ ਪਿਸਤੌਲ, ਸੱਤ ਚੀਨੀ ਪਿਸਤੌਲ ਦੇ ਰਾਉਂਡ ਅਤੇ ਇਕ ਚੀਨੀ ਪਿਸਤੌਲ ਦਾ ਮੈਗਜ਼ੀਨ ਵੀ ਬਰਾਮਦ ਕੀਤਾ ਹੈ।
ਇਸ ਦੇ ਨਾਲ ਹੀ ਭਾਰਤੀ ਫੌਜ ਨੇ ਇਲਾਕੇ ਵਿੱਚੋਂ ਇੱਕ ਮਾਈਨ, ਤਾਰ ਅਤੇ ਕੁਝ ਬੈਟਰੀਆਂ ਵੀ ਬਰਾਮਦ ਕੀਤੀਆਂ ਹਨ। ਇਲਾਕੇ ਵਿੱਚੋਂ ਭਾਰਤੀ ਫੌਜ ਦੇ ਹੱਥਾਂ ਵਿੱਚ ਇੱਕ ਐਸਐਮਜੀ ਮੈਗਜ਼ੀਨ, ਇੱਕ ਬੈਗ, ਇੱਕ ਥੈਲਾ ਵੀ ਮਿਲਿਆ ਹੈ।