ਨਵੀਂ ਦਿੱਲੀ: ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਭਾਰਤ ਵੱਲੋਂ ਕੀਤੀ ਫ਼ੌਜ ਕਾਰਵਾਈ ਦੇ ਪੁਖ਼ਤਾ ਸਬੂਤ ਮੌਜੂਦ ਹਨ, ਇਹ ਦਾਅਵਾ ਤਿੰਨੇ ਫ਼ੌਜਾਂ ਦੇ ਸਿਖਰਲੇ ਅਧਿਕਾਰੀਆਂ ਨੇ ਕੀਤਾ ਹੈ। ਫ਼ੌਜਾਂ ਦੇ ਤਰਜ਼ਮਾਨਾਂ ਨੇ ਕਿਹਾ ਕਿ ਅਸੀਂ ਜਿਸ ਮਿਸ਼ਨ ਨਾਲ ਪਾਕਿਸਤਾਨ ਦੇ ਦਹਿਸ਼ਤੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਉਸ ਨੂੰ ਪੂਰਾ ਵੀ ਕੀਤਾ ਹੈ ਪਰ ਹਾਲੇ ਅੱਤਵਾਦੀਆਂ ਦੀ ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸੀ ਜਾ ਸਕਦੀ। ਇਸ ਦੇ ਨਾਲ ਹੀ ਭਾਰਤੀ ਫ਼ੌਜ ਨੇ ਪਾਕਿਸਤਾਨ ਖ਼ਿਲਾਫ਼ ਸਬੂਤ ਵੀ ਦਿਖਾਏ।


ਏਅਰ ਵਾਈਸ ਮਾਰਸ਼ਲ ਆਰ.ਜੀ. ਕਪੂਰ, ਮੇਜਰ ਜਨਰਲ, ਸੁਰੇਂਦਰ ਸਿੰਘ ਮਾਹਲ, ਰੀਅਰ ਐਡਮਿਰਲ ਡੀ.ਐਸ. ਗੁਜਰਾਲ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਭਾਰਤੀ ਦੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਪਾਕਿਸਤਾਨ ਵੱਲੋਂ ਜਵਾਬੀ ਹਮਲੇ ਦੀ ਸੱਚਾਈ ਦੱਸਦਿਆਂ ਕਿਹਾ ਕਿ ਪਾਕਿਸਤਾਨ ਨੇ ਅਮਰੀਕਾ ਤੋਂ ਲਏ ਗਏ ਲੜਾਕੂ ਜਹਾਜ਼ F-16 ਦੀ ਵਰਤੋਂ ਹੋਈ ਹੈ, ਸਾਡੇ ਕੋਲ ਪੂਰੇ ਸਬੂਤ ਹਨ। ਆਰ.ਜੀ. ਕਪੂਰ ਨੇ ਦੱਸਿਆ ਕਿ ਐਮਰਮ (AMRAAM) ਮਿਜ਼ਾਈਲ ਸਿਰਫ਼ ਐਫ-16 ਜਹਾਜ਼ 'ਤੇ ਲੱਗ ਸਕਦੀ ਹੈ, ਜਿਸ ਦੀ ਵਰਤੋਂ ਪਾਕਿਸਤਾਨ ਨੇ ਮੰਗਲਵਾਰ ਨੂੰ ਕਸ਼ਮੀਰ 'ਚ ਕੀਤੀ ਸੀ। ਉਨ੍ਹਾਂ ਸਾਫ ਕੀਤਾ ਕਿ ਪਾਕਿ ਨੇ ਬੰਬ ਸੁੱਟੇ, ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਪਰ ਸਾਡਾ ਇੱਕ MIG-21 ਕ੍ਰੈਸ਼ ਹੋਇਆ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਸਾਡੀ ਪੂਰੀ ਨਜ਼ਰ ਹੈ ਅਤੇ ਲੋੜ ਪੈਣ 'ਤੇ ਕਰਾਰਾ ਜਵਾਬ ਦਿੱਤਾ ਜਾਵੇਗਾ। ਪਾਕਿਸਤਾਨ ਨੇ ਦੋ ਦਿਨਾਂ 'ਚ 35 ਵਾਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਹੈ ਅਤੇ ਭਾਰਤ ਨੇ ਵੀ ਇਸ ਦਾ ਕਰਾਰਾ ਜਵਾਬ ਦੇ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਏਅਰ ਸਟ੍ਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੱਸਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਸਾਫ ਕੀਤਾ ਕਿ ਸਾਡੀ ਜੰਗ ਅੱਤਵਾਦ ਦੇ ਨਾਲ ਹੈ, ਕਿਸੇ ਦੇਸ਼ ਨਾਲ ਨਹੀਂ।