ਅਮਰੀਕਾ 'ਚ 9 ਫਰਵਰੀ ਤੋਂ ਲਾਪਤਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸੀਆ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਸੈਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਸਾਕੇਤ ਸ਼੍ਰੀਨਿਵਾਸਿਆ ਕਰਨਾਟਕ ਦੇ ਤੁਮਕੁਰੁ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਪੋਸਟ-ਗ੍ਰੈਜੂਏਸ਼ਨ ਦੀ ਪੜਾਈ ਕਰ ਰਹੇ ਸਨ। ਉਨ੍ਹਾਂ ਨੂੰ ਆਖਰੀ ਵਾਰ ਕੈਲੀਫੋਰਨੀਆ ਦੇ ਟਿਲਡਨ ਰੀਜਨਲ ਪਾਰਕ ਦੇ ਨੇੜੇ ਇਕ ਝੀਲ ਕੋਲ ਵੇਖਿਆ ਗਿਆ ਸੀ।
ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਦਿੱਤੀ ਕਿ ਸਥਾਨਕ ਪੁਲਿਸ ਨੇ ਸਾਕੇਤ ਦੀ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਹਨ।
ਦੂਤਾਵਾਸ ਨੇ ਇਹ ਵੀ ਦੱਸਿਆ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਸਮਨਵਯ ਕਰ ਰਹੇ ਹਨ ਅਤੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਵਿੱਚ ਹਰ ਸੰਭਵ ਮਦਦ ਪ੍ਰਦਾਨ ਕਰਨਗੇ। ਕੌਂਸਲਰ ਅਧਿਕਾਰੀ ਪਰਿਵਾਰ ਨਾਲ ਸੰਪਰਕ ਵਿੱਚ ਹਨ ਅਤੇ ਲੋੜੀਂਦੀਆਂ ਔਪਚਾਰਿਕਤਾਵਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਰਹੇ ਹਨ।
ਪਰਿਵਾਰ ਨੇ ਮਦਦ ਦੀ ਅਪੀਲ ਕੀਤੀ ਸੀ
ਸਾਕੇਤ ਦੇ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖਰੀ ਵਾਰ 9 ਫਰਵਰੀ ਨੂੰ ਗੱਲਬਾਤ ਹੋਈ ਸੀ। ਪੁੱਤਰ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਦੇ ਦੋਸਤਾਂ ਅਤੇ ਰੂਮਮੇਟਸ ਨਾਲ ਸੰਪਰਕ ਕੀਤਾ, ਪਰ ਜਦੋਂ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਬਰਕਲੇ ਪੁਲਿਸ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। 13 ਫਰਵਰੀ ਨੂੰ ਸਾਕੇਤ ਦੇ ਮਾਤਾ-ਪਿਤਾ ਨੇ ਕਰਨਾਟਕ ਸਰਕਾਰ ਕੋਲ ਵੀ ਮਦਦ ਦੀ ਅਪੀਲ ਕੀਤੀ ਸੀ। ਕਰਨਾਟਕ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਦਖਲ ਦੇ ਕੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ।
ਸਾਕੇਤ ਦੀ ਵਿੱਦਿਅਕ ਯੋਗਤਾ
ਸਾਕੇਤ ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਵਿੱਚ ਪ੍ਰੋਡਕਟ ਡਿਵੈਲਪਮੈਂਟ ਪ੍ਰੋਗਰਾਮ ਹੇਠ ਮਾਸਟਰ ਆਫ ਸਾਇੰਸ ਦੀ ਪੜਾਈ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਈਆਈਟੀ ਮਦਰਾਸ ਤੋਂ ਕੇਮਿਕਲ ਇੰਜੀਨੀਅਰਿੰਗ ਵਿੱਚ ਬੀਟੈਕ ਦੀ ਡਿਗਰੀ ਪ੍ਰਾਪਤ ਕੀਤੀ ਸੀ।