Indian Students in USA: ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਝੰਡੀ ਹੈ। ਭਾਰਤੀ ਵਿਦਿਆਰਥੀਆਂ ਨੇ ਸਭ ਤੋਂ ਵੱਧ ਸਟੂਡੈਂਟ ਵੀਜ਼ੇ ਹਾਸਲ ਕੀਤੇ ਹਨ। ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਾਲ 2022 ਵਿੱਚ ਹਰੇਕ ਪੰਜ ਅਮਰੀਕੀ ਵੀਜ਼ਿਆਂ ’ਚੋਂ ਇੱਕ ਵੀਜ਼ਾ ਭਾਰਤ ਵਿਦਿਆਰਥੀ ਨੂੰ ਜਾਰੀ ਹੋਇਆ ਹੈ। ਅਮਰੀਕਾ ਦਾ ਇਹ ਵੀ ਮੰਨਣਾ ਹੈ ਕਿ ਭਾਰਤੀਆਂ ਨੇ ਅਮਰੀਕਾ ਵਿੱਚ ਨਾ ਸਿਰਫ ਸਿੱਖਿਆ ਹਾਸਲ ਕੀਤੀ ਹੈ ਬਲਕਿ ਦਹਾਕਿਆਂ ਤੱਕ ਆਪਣੀ ਪ੍ਰਤਿਭਾ ਵੀ ਦਿਖਾਈ ਹੈ।



ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ 2022 ਵਿੱਚ ਹਰੇਕ ਪੰਜ ਅਮਰੀਕੀ ਵੀਜ਼ਿਆਂ ’ਚੋਂ ਇਕ ਵੀਜ਼ਾ ਭਾਰਤ ਵਿੱਚ ਜਾਰੀ ਕੀਤਾ ਗਿਆ ਜੋ ਵਿਸ਼ਵ ਵਿੱਚ ਭਾਰਤੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਵੱਲੋਂ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿੱਚ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਲਏ ਗਏ।


ਇਸ ਮੌਕੇ ਸੰਬੋਧਨ ਕਰਦਿਆਂ ਗਾਰਸੇਟੀ ਨੇ ਕਿਹਾ, ‘‘ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਭਾਰਤੀ ਅਮਰੀਕਾ ਆਉਂਦੇ ਹਨ। 2022 ਵਿੱਚ ਹਰੇਕ ਪੰਜ ਵਿਦਿਆਰਥੀ ਵੀਜ਼ਿਆਂ ’ਚੋਂ ਇੱਕ ਵੀਜ਼ਾ ਇੱਥੇ ਭਾਰਤ ਵਿੱਚ ਜਾਰੀ ਕੀਤਾ ਗਿਆ ਜੋ ਵਿਸ਼ਵ ਵਿੱਚ ਭਾਰਤ ਦੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਭਾਰਤੀਆਂ ਨੇ ਅਮਰੀਕਾ ਵਿੱਚ ਨਾ ਸਿਰਫ ਸਿੱਖਿਆ ਹਾਸਲ ਕੀਤੀ ਹੈ ਬਲਕਿ ਦਹਾਕਿਆਂ ਤੱਕ ਆਪਣੀ ਪ੍ਰਤਿਭਾ ਵੀ ਦਿਖਾਈ ਹੈ। ਵਿਦਿਆਰਥੀਆਂ ਲਈ ਅਸੀਂ ਸਭ ਤੋਂ ਵੱਧ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਕਰ ਰਹੇ ਹਾਂ।’’


ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਪਹਿਲਾਂ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਲਈ ਅਤੇ ਵੀਜ਼ਾ ਸਬੰਧੀ ਪ੍ਰੋਗਰਾਮ ਕਰੇਗਾ। ਉਨ੍ਹਾਂ ਕਿਹਾ, ‘‘ਅਗਾਮੀ ਹਫ਼ਤਿਆਂ ’ਚ ਅਸੀਂ ਜੁਲਾਈ ਤੇ ਅਗਸਤ ਵਾਸਤੇ ਹਜ਼ਾਰਾਂ ਵੀਜ਼ਾ ਅਰਜ਼ੀਆਂ ਸਬੰਧੀ ਪ੍ਰੋਗਰਾਮ ਜਾਰੀ ਕਰਾਂਗੇ।’’ ਦੂਤਾਵਾਸ ਤੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ 1,25,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ ਜੋ ਕਿ ਰਿਕਾਰਡਤੋੜ ਅੰਕੜਾ ਹੈ। 2022 ਵਿੱਚ ਭਾਰਤੀਆਂ ਨੂੰ ਦੁਨੀਆ ’ਚ ਸਭ ਤੋਂ ਵੱਧ ਵੱਧ ਐੱਚ ਐਂਡ ਐੱਲ ਰੁਜ਼ਗਾਰ ਵੀਜ਼ਾ (65 ਫ਼ੀਸਦ) ਅਤੇ ਐੱਫ1 ਵਿਦਿਆਰਥੀ ਵੀਜ਼ਾ (17.5 ਫ਼ੀਸਦ) ਜਾਰੀ ਕੀਤੇ ਗਏ।


ਪਿਛਲੇ ਸਾਲ ਭਾਰਤ ਤੋਂ 12 ਲੱਖ ਤੋਂ ਵੱਧ ਲੋਕਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ ਜੋ ਕਿ ਅਮਰੀਕਾ ’ਚ ਪਹੁੰਚਣ ਵਾਲੇ ਸਭ ਤੋਂ ਵੱਡੇ ਕੌਮਾਂਤਰੀ ਸੈਲਾਨੀਆਂ ਦੇ ਸਮੂਹਾਂ ’ਚੋਂ ਇਕ ਹੈ। ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਕੁੱਲ ਕੌਮਾਂਤਰੀ ਵਿਦਿਆਰਥੀਆਂ ਦੇ 21 ਫੀਸਦ ਨਾਲੋਂ ਵੱਧ ਹਨ। ਅਕਾਦਮਿਕ ਸਾਲ 2021-22 ਦੌਰਾਨ ਕਰੀਬ ਦੋ ਲੱਖ ਭਾਰਤੀ ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਸਨ।