India Number Country In Terms Of Population: ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ 142.86 ਕਰੋੜ ਲੋਕਾਂ ਨਾਲ ਆਬਾਦੀ ਪੱਖੋਂ ਚੀਨ ਨੂੰ ਪਛਾੜ ਕੇ ਨੰਬਰ ਇਕ ਮੁਲਕ ਬਣ ਗਿਆ ਹੈ। ਗੁਆਂਢੀ ਮੁਲਕ ਚੀਨ ਇਸ ਵੇਲੇ 142.57 ਕਰੋੜ ਦੀ ਆਬਾਦੀ ਨਾਲ ਦੂਜਾ ਸਭ ਤੋਂ ਸੰਘਣੀ ਵਸੋਂ ਵਾਲਾ ਮੁਲਕ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐਨਐਫਪੀਏ) ਦੀ ਸਟੇਟ ਆਫ਼ ਦਿ ਵਰਲਡ ਪਾਪੂਲੇਸ਼ਨ ਰਿਪੋਰਟ (ਐਸਡਬਲਿਊਓਪੀ) 2023 ਮੁਤਾਬਕ ਭਾਰਤ ਦੀ 25 ਫੀਸਦ ਆਬਾਦੀ ਸਿਫ਼ਰ ਤੋਂ 14 ਸਾਲ ਉਮਰ ਵਰਗ, 18 ਫੀਸਦ 10 ਤੋਂ 19 ਸਾਲ, 26 ਫੀਸਦ 10 ਤੋਂ 24 ਸਾਲ, 68 ਫੀਸਦ 15 ਤੋਂ 64 ਸਾਲ ਤੇ 7 ਫੀਸਦ 65 ਸਾਲ ਤੋਂ ਉਪਰ ਹੈ।
ਭਾਰਤ ਦੀ ਭੂਗੋਲਿਕ ਆਬਾਦੀ ਇਕ ਤੋਂ ਦੂਜੇ ਰਾਜ ਵਿੱਚ ਵੱਖੋ-ਵੱਖਰੀ ਹੈ। ਮਾਹਿਰਾਂ ਮੁਤਾਬਕ ਕੇਰਲਾ ਤੇ ਪੰਜਾਬ ਵਿੱਚ ਬਜ਼ੁਰਗ ਲੋਕਾਂ ਦੀ ਆਬਾਦੀ ਵੱਧ ਹੈ ਜਦੋਂਕਿ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਨੌਜਵਾਨਾਂ ਦੀ ਵਸੋਂ ਜ਼ਿਆਦਾ ਹੈ। ਸੰਯੁਕਤ ਰਾਸ਼ਟਰ ਨੇ ਸਾਲ 1950 ਵਿੱਚ ਆਬਾਦੀ ਨੂੰ ਲੈ ਕੇ ਅੰਕੜੇ ਇਕੱਤਰ ਕਰਨ ਦਾ ਅਮਲ ਸ਼ੁਰੂ ਕੀਤਾ ਸੀ ਤੇ ਉਸ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਆਬਾਦੀ ਪੱਖੋਂ ਯੂਐਨ ਦੀ ਸੂਚੀ ਵਿੱਚ ਅੱਵਲ ਨੰਬਰ ਬਣਿਆ ਹੈ।
ਸੰਯੁਕਤ ਰਾਸ਼ਟਰ ਦੇ ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਸਾਲ 1950 ਵਿੱਚ ਭਾਰਤ ਤੇ ਚੀਨ ਦੀ ਅਬਾਦੀ ਕ੍ਰਮਵਾਰ 86.1 ਕਰੋੜ ਤੇ 114.4 ਕਰੋੜ ਸੀ। ਰਿਪੋਰਟ ਵਿੱਚ ਕੀਤੇ ਦਾਅਵੇ ਮੁਤਾਬਕ 2050 ਤੱਕ ਭਾਰਤ ਦੀ ਆਬਾਦੀ ਦੇ ਵੱਧ ਕੇ 166.8 ਕਰੋੜ ਹੋਣ ਦੇ ਆਸਾਰ ਹਨ ਜਦੋਂਕਿ ਚੀਨ ਦੀ ਵਸੋਂ ਘੱਟ ਕੇ 131.7 ਕਰੋੜ ਹੋ ਜਾਵੇਗੀ।
ਇਹ ਵੀ ਪੜ੍ਹੋ: Rahul Gandhi Defamation Case: ਅਦਾਲਤ ਦਾ ਰਾਹੁਲ ਗਾਂਧੀ ਨੂੰ ਝਟਕਾ, ਸਜ਼ਾ 'ਤੇ ਰੋਕ ਲਾਉਣ ਵਾਲੀ ਪਟੀਸ਼ਨ ਖਾਰਜ
ਰਿਪੋਰਟ ਦੀ ਮੰਨੀਏ ਤਾਂ 1950 ਤੋਂ ਹੁਣ ਤੱਕ ਕੁੱਲ ਆਲਮ ਦੀ ਆਬਾਦੀ ਹੁਣ ਤੱਕ ਦੀ ਸਭ ਤੋਂ ਸੁਸਤ ਰਫ਼ਤਾਰ (ਦਰ) ਨਾਲ ਵਧੀ ਹੈ। ਸਾਲ 2020 ਵਿੱਚ ਇਸ ਦਰ ’ਚ 1 ਫੀਸਦ ਦਾ ਨਿਘਾਰ ਆਇਆ ਸੀ। ਵਰਲਡ ਪਾਪੂਲੇਸ਼ਨ ਪ੍ਰੌਸਪੈਕਟਸ-2022 ਮੁਤਾਬਕ ਪਿਛਲੇ ਸਾਲ ਭਾਰਤ ਦੀ ਆਬਾਦੀ 141.2 ਕਰੋੜ ਜਦੋਂਕਿ ਚੀਨ ਦੀ 142.6 ਕਰੋੜ ਸੀ। ਰਿਪੋਰਟ ਮੁਤਾਬਕ 15 ਨਵੰਬਰ ਤੱਕ ਆਲਮੀ ਵਸੋਂ ਦੇ 8 ਅਰਬ ਦੇ ਅੰਕੜੇ ਨੂੰ ਪੁੱਜਣ ਦੇ ਆਸਾਰ ਸਨ। ਯੂਐਨਐਫਪੀਏ ਮੁਤਾਬਕ ਭਾਰਤ ਵਿੱਚ ਪੁਰਸ਼ਾਂ ਦੀ ਔਸਤ ਉਮਰ 71 ਜਦੋਂਕਿ ਔਰਤਾਂ ਦੀ 74 ਸਾਲ ਹੈ।
ਇਹ ਵੀ ਪੜ੍ਹੋ: America: ਸਭ ਖ਼ਤਮ ਹੋ ਜਾਏਗਾ!!! ਗਰਮੀ ਤੇਜ਼ੀ ਨਾਲ ਸੋਖ ਰਹੀ ਧਰਤੀ ਦੀ ਨਮੀ...ਸੋਕੇ ਤੇ ਅਕਾਲ ਦਾ ਖਤਰਾ