ਨਵੀਂ ਦਿੱਲੀ: ਮੋਦੀ ਸਰਕਾਰ ਦੇ ਨੋਟਬੰਦੀ ਤੇ ਬੇਨਾਮੀ ਜਾਇਦਾਦ ਕਾਨੂੰਨ ਵਰਗੇ ਸਖ਼ਤ ਕਦਮਾਂ ਦੇ ਬਾਵਜੂਦ ਸਵਿੱਸ ਬੈਂਕਾਂ ਵਿੱਚ ਭਾਰਤੀ ਲੋਕਾਂ ਦਾ ਪੈਸੇ ਵਿੱਚ ਬੀਤੇ ਸਾਲ ਦੇ ਮੁਕਾਬਲੇ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਭਾਰਤੀਆਂ ਦਾ ਕੁੱਲ 7000 ਕਰੋੜ ਸਵਿੱਸ ਬੈਂਕਾਂ ਵਿੱਚ ਜਮ੍ਹਾ ਹੋ ਗਿਆ ਹੈ।

 

ਸਵਿੱਸ ਨੈਸ਼ਨਲ ਬੈਂਕ (SNB) ਵੱਲੋਂ ਜਾਰੀ ਅੰਕੜਿਆਂ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ 13 ਸਾਲਾਂ ਦੌਰਾਨ ਸਵਿੱਸ ਬੈਂਕਾਂ ਵਿੱਚ ਪਹਿਲੀ ਵਾਰ ਭਾਰਤੀਆਂ ਦੇ ਪੈਸੇ ਵਿੱਚ ਇੰਨੀ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ, ਪੂਰੀ ਦੁਨੀਆ ਦੇ ਲੋਕਾਂ ਦਾ ਪੈਸਾ 3% ਵਧਿਆ ਹੈ, ਯਾਨੀ ਕਿ ਤਕਰੀਬਨ 100 ਲੱਖ ਕਰੋੜ ਰੁਪਏ (1460 ਅਰਬ ਸਵਿੱਸ ਫ੍ਰੈਂਕ) ਸਵਿੱਸ ਬੈਂਕਾਂ ਵਿੱਚ ਰੱਖੇ ਗਏ ਹਨ।

ਇਸ ਰਿਪੋਰਟ ਤੋਂ ਬਾਅਦ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਕਾਲ਼ੇ ਧਨ ਵਿਰੁੱਧ ਚੁੱਕੇ ਕਦਮਾਂ 'ਤੇ ਸਵਾਲੀਆ ਨਿਸ਼ਾਨ ਉੱਠਣੇ ਲਾਜ਼ਮੀ ਹਨ। ਕੁਝ ਦਿਨ ਪਹਿਲਾਂ ਕਾਂਗਰਸ ਨੇ ਮੋਦੀ ਸਰਕਾਰ ਦੀ ਨੋਟਬੰਦੀ ਨੂੰ ਵੱਡਾ ਘਪਲਾ ਕਰਾਰ ਦਿੱਤਾ ਸੀ।