ਈਰਾਨ ਨੇ ਸੋਮਵਾਰ ਯਾਨੀਕਿ 17 ਨਵੰਬਰ ਨੂੰ ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਐਂਟਰੀ ਖਤਮ ਕਰਨ ਦਾ ਐਲਾਨ ਕੀਤਾ ਹੈ। ਵੀਜ਼ਾ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਈਰਾਨ ਨੇ ਕਿਹਾ ਕਿ 22 ਨਵੰਬਰ 2025 ਤੋਂ ਬਾਅਦ ਕਿਸੇ ਵੀ ਭਾਰਤੀ ਨੂੰ ਬਿਨਾਂ ਵੀਜ਼ਾ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਫ਼ੈਸਲੇ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਈਰਾਨ ਦੇ ਵੀਜ਼ਾ ਨਿਯਮ ਬਦਲਣ ‘ਤੇ ਭਾਰਤ ਦਾ ਰਿਐਕਸ਼ਨ
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, “ਸਰਕਾਰ ਦਾ ਧਿਆਨ ਕਈਆਂ ਅਜਿਹੀਆਂ ਘਟਨਾਵਾਂ ਵੱਲ ਖਿੱਚਿਆ ਗਿਆ ਹੈ ਜਿੱਥੇ ਭਾਰਤੀ ਨਾਗਰਿਕਾਂ ਨੂੰ ਝੂਠੇ ਰੋਜ਼ਗਾਰ ਦੇ ਵਾਅਦੇ ਕਰਕੇ ਜਾਂ ਕਿਸੇ ਤੀਸਰੇ ਦੇਸ਼ ਤੱਕ ਲੈ ਜਾਣ ਦਾ ਭਰੋਸਾ ਦੇ ਕੇ ਈਰਾਨ ਲਿਜਾਇਆ ਗਿਆ। ਇਹ ਲੋਕ ਸਧਾਰਨ ਭਾਰਤੀ ਪਾਸਪੋਰਟ ਰੱਖਣ ਵਾਲਿਆਂ ਲਈ ਉਪਲਬਧ ਵੀਜ਼ਾ ਛੋਟ ਦਾ ਫਾਇਦਾ ਚੁੱਕ ਕੇ ਈਰਾਨ ਪਹੁੰਚਦੇ ਸਨ। ਈਰਾਨ ਪਹੁੰਚਣ ‘ਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਫਿਰੌਤੀ ਲਈ ਅਗਵਾ ਕਰ ਲਿਆ ਗਿਆ ਸੀ।”
ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ
ਵਿਦੇਸ਼ ਮੰਤਰਾਲੇ ਨੇ ਕਿਹਾ, “ਇਸੇ ਕਾਰਨ ਈਰਾਨ ਦੀ ਇਸਲਾਮਿਕ ਗਣਰਾਜ ਸਰਕਾਰ ਨੇ 22 ਨਵੰਬਰ 2025 ਤੋਂ ਭਾਰਤੀ ਸਧਾਰਨ ਪਾਸਪੋਰਟ ਧਾਰਕਾਂ ਲਈ ਉਪਲਬਧ ਵੀਜ਼ਾ ਛੋਟ ਸਹੂਲਤ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਕਦਮ ਦਾ ਮਕਸਦ ਅਪਰਾਧੀ ਤੱਤਾਂ ਵੱਲੋਂ ਇਸ ਸਹੂਲਤ ਦੇ ਹੋਰ ਦੁਰਵਰਤੋਂ ਨੂੰ ਰੋਕਣਾ ਹੈ। 22 ਨਵੰਬਰ ਤੋਂ ਬਾਅਦ ਸਧਾਰਨ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਈਰਾਨ ਵਿੱਚ ਦਾਖਲ ਹੋਣ ਜਾਂ ਈਰਾਨ ਰਾਹੀਂ ਕਿਸੇ ਹੋਰ ਦੇਸ਼ ਨੂੰ ਜਾਣ ਲਈ ਵੀਜ਼ਾ ਲੈਣਾ ਲਾਜ਼ਮੀ ਹੋਵੇਗਾ।
ਈਰਾਨ ਨੇ ਖਤਮ ਕਰ ਦਿੱਤੀ ਫ੍ਰੀ ਵੀਜ਼ਾ ਐਂਟਰੀ
ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, “ਈਰਾਨ ਜਾਣ ਦੀ ਇੱਛਾ ਰੱਖਣ ਵਾਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਤੇ ਉਹਨਾਂ ਏਜੈਂਟਾਂ ਤੋਂ ਬਚਣ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ ਜੋ ਈਰਾਨ ਤੋਂ ਤੀਸਰੇ ਦੇਸ਼ਾਂ ਵਿੱਚ ਫ੍ਰੀ ਵੀਜ਼ਾ ਟਰੈਵਲ ਜਾਂ ਅੱਗੇ ਦੀ ਯਾਤਰਾ ਦੀ ਪੇਸ਼ਕਸ਼ ਕਰਦੇ ਹਨ।”
ਈਰਾਨ ਦੀ ਵੀਜ਼ਾ ਨੀਤੀ ਵਿੱਚ ਬਦਲਾਅ ਦਾ ਅਸਰ ਉਹਨਾਂ ਭਾਰਤੀ ਨਾਗਰਿਕਾਂ ‘ਤੇ ਪਏਗਾ ਜੋ ਟੂਰਿਜ਼ਮ, ਬਿਜ਼ਨੈਸ, ਸਟੱਡੀ ਜਾਂ ਟ੍ਰਾਂਜ਼ਿਟ ਲਈ ਈਰਾਨ ਜਾਂਦੇ ਸਨ। ਈਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਧਾਰਨ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਇਕ-ਤਰਫ਼ਾ ਟੂਰਿਸਟ ਵੀਜ਼ਾ ਰੱਦ ਕਰਨ ਵਾਲੇ ਨਿਯਮਾਂ ਦੀ ਲਾਗੂ ਕਰਨ ਦੀ ਕਾਰਵਾਈ 22 ਨਵੰਬਰ 2025 ਤੱਕ ਮੁਅੱਤਲ ਕੀਤੀ ਗਈ ਹੈ।
ਭਾਰਤੀਆਂ ਲਈ ਲੰਮੇ ਸਮੇਂ ਤੋਂ ਲੋਕਪ੍ਰਿਯ ਦੇਸ਼ ਰਿਹਾ ਹੈ ਈਰਾਨ
ਭਾਰਤ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਹੀ ਈਰਾਨ ਯਾਤਰਾ ਨੂੰ ਲੈ ਕੇ ਭਾਰਤੀ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ। ਉਸ ਵੇਲੇ ਵੀ ਇਹ ਐਡਵਾਇਜ਼ਰੀ ਉਹਨਾਂ ਘਟਨਾਵਾਂ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਸੀ ਜਿੱਥੇ ਨੌਕਰੀ ਦਾ ਝਾਂਸਾ ਦੇ ਕੇ ਭਾਰਤੀਆਂ ਨੂੰ ਈਰਾਨ ਬੁਲਾਇਆ ਜਾਂਦਾ ਸੀ ਅਤੇ ਫਿਰ ਅਪਰਾਧੀ ਗਿਰੋਹ ਉਹਨਾਂ ਦਾ ਅਪਹਰਣ ਕਰ ਲੈਂਦੇ ਸਨ।
ਈਰਾਨ ਆਪਣੀ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਕਰਕੇ ਕਈ ਸਾਲਾਂ ਤੋਂ ਭਾਰਤੀ ਸੈਲਾਨੀਆਂ ਲਈ ਇੱਕ ਲੋਕਪ੍ਰਿਯ ਮੰਜ਼ਿਲ ਰਿਹਾ ਹੈ। ਇਸਫਹਾਨ, ਸ਼ੀਰਾਜ ਅਤੇ ਤੇਹਰਾਨ ਵਰਗੇ ਸ਼ਹਿਰ ਆਪਣੀ ਫ਼ਾਰਸੀ ਵਾਸਤੁਕਲਾ ਅਤੇ ਵਿਰਾਸਤ ਲਈ ਪ੍ਰਸਿੱਧ ਹਨ, ਜਦਕਿ ਮਸ਼ਹਦ ਅਤੇ ਕੋਮ ਆਪਣੇ ਧਾਰਮਿਕ ਮਹੱਤਵ ਕਾਰਨ ਯਾਤਰੀਆਂ ਨੂੰ ਖਿੱਚਦੇ ਹਨ।