Iran Passenger Jet: ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਇੱਕ ਈਰਾਨੀ ਯਾਤਰੀ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ’ਤੇ ਭਾਰਤੀ ਹਵਾਈ ਸੈਨਾ ਅਲਰਟ ਹੋ ਗਈ। ਈਰਾਨੀ ਯਾਤਰੀ ਉਡਾਣ ਤਹਿਹਾਨ ਤੋਂ ਚੀਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਅਮਲੇ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਮੰਗੀ ਗਈ ਸੀ ਪਰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਏਅਰਫੋਰਸ ਦੇ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਇਹ ਝੂਠੀ ਖਬਰ ਹੋ ਸਕਦੀ ਹੈ, ਇਹ ਅਫਵਾਹ ਹੋ ਸਕਦੀ ਹੈ। ਹਾਲਾਂਕਿ, ਅਜੇ ਤੱਕ ਅਧਿਕਾਰਤ ਤੌਰ 'ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ।
ਭਾਰਤੀ ਹਵਾਈ ਸੈਨਾ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਉਡਾਣ ਦੇ ਪਿੱਛੇ ਦੋ ਲੜਾਕੂ ਜਹਾਜ਼ ਲਗਾਏ। ਬਾਅਦ ਵਿੱਚ ਜਹਾਜ਼ ਵਿੱਚ ਕੋਈ ਬੰਬ ਨਾ ਮਿਲਣ ’ਤੇ ਇਸ ਨੂੰ ਚੀਨ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ। ਏਐਨਆਈ ਦੇ ਇੱਕ ਟਵੀਟ ਮੁਤਾਬਕ, ‘‘ਜਹਾਜ਼ ਈਰਾਨ ਦੇ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਿਹਾ ਸੀ।
ਬੰਬ ਹੋਣ ਦੀ ਸੂਚਨਾ ਮਗਰੋਂ ਮਹਾਨ ਏਅਰ ਨੇ ਦਿੱਲੀ ਵਿੱਚ ਲੈਂਡਿੰਗ ਲਈ ਦਿੱਲੀ ਏਅਰਪੋਰਟ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ। ਸੂਤਰਾਂ ਮੁਤਾਬਕ ਦਿੱਲੀ ਏਟੀਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚੋਂ ਬਾਹਰ ਚਲਾ ਗਿਆ।
ਬੰਬ ਦੀ ਸੂਚਨਾ ਮਿਲਦੇ ਹੀ ਭਾਰਤੀ ਸੁਰੱਖਿਆ ਏਜੰਸੀਆਂ ਤੇ ਹਵਾਈ ਫੌਜ ਚੌਕਸ ਹੋ ਗਈ ਤੇ ਫਲਾਈਟ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ ਤਾਂ ਏਟੀਸੀ ਵੱਲੋਂ ਏਅਰਕ੍ਰਾਫਟ ਨਾਲ ਇੱਕ ਅਲਰਟ ਸਾਂਝਾ ਕੀਤਾ ਗਿਆ ਸੀ। ਸੂਤਰਾਂ ਨੇ ਏਐਨਆਈ ਨੂੰ ਦੱਸਿਆ ਕਿ ਪੰਜਾਬ ਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ ਐਸਯੂ-30ਐਮਕੇਆਈ ਲੜਾਕੂ ਜਹਾਜ਼ਾਂ ਨੇ ਜਹਾਜ਼ ਨੂੰ ਰੋਕਣ ਲਈ ਪਿੱਛਾ ਕੀਤਾ।