Israel-Hamas War: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਏਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਹੈ। ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ 18 ਅਕਤੂਬਰ ਤੱਕ ਤੇਲ ਅਵੀਵ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਦੇ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਹ ਕੈਰੀਅਰ ਦੀਆਂ ਜ਼ਰੂਰਤਾਂ ਦੇ ਅਧਾਰ 'ਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਚਾਰਟਰਡ ਉਡਾਣਾਂ ਦਾ ਸੰਚਾਲਨ ਕਰੇਗੀ।


ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਇਜ਼ਰਾਈਲ ਦੇ ਆਰਥਿਕ ਹੱਬ ਤੇਲ ਅਵੀਵ ਤੋਂ 14 ਅਕਤੂਬਰ ਤੱਕ ਚੱਲਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਵਰਣਨਯੋਗ ਹੈ ਕਿ ਆਮ ਤੌਰ 'ਤੇ ਏਅਰ ਇੰਡੀਆ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਤੋਂ ਤੇਲ ਅਵੀਵ ਲਈ ਹਫ਼ਤੇ ਵਿੱਚ ਪੰਜ ਉਡਾਣਾਂ ਚਲਾਉਂਦੀ ਹੈ। ਇਹ ਸੇਵਾ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਚੱਲਦੀ ਹੈ। ਏਅਰਲਾਈਨ ਨੇ ਇਜ਼ਰਾਈਲ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਅਪਰੇਸ਼ਨ ਅਜੈ ਦੇ ਤਹਿਤ ਦੋ ਉਡਾਣਾਂ ਵੀ ਚਲਾਈਆਂ ਹਨ।


235 ਭਾਰਤੀ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪੁੱਜੇ


ਆਪਰੇਸ਼ਨ ਅਜੈ ਦੇ ਤਹਿਤ ਹੁਣ ਤੱਕ 400 ਤੋਂ ਵੱਧ ਭਾਰਤੀ ਇਜ਼ਰਾਈਲ ਤੋਂ ਆਪਣੇ ਦੇਸ਼ ਪਰਤ ਚੁੱਕੇ ਹਨ। ਸ਼ੁੱਕਰਵਾਰ ਨੂੰ 235 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਦਿੱਲੀ ਪਹੁੰਚਿਆ। ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ।


ਭਾਰਤ ਨੇ ਆਪਰੇਸ਼ਨ ਅਜੈ ਸ਼ੁਰੂ ਕੀਤਾ


ਇਸ ਤੋਂ ਇੱਕ ਦਿਨ ਪਹਿਲਾਂ 212 ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਭਾਰਤ ਨੇ ਵੀਰਵਾਰ (12 ਅਕਤੂਬਰ) ਨੂੰ 'ਆਪ੍ਰੇਸ਼ਨ ਅਜੇ' ਦਾ ਐਲਾਨ ਕੀਤਾ ਸੀ। ਇਸ ਆਪਰੇਸ਼ਨ ਰਾਹੀਂ ਇਜ਼ਰਾਈਲ ਤੋਂ ਸਿਰਫ਼ ਉਨ੍ਹਾਂ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ, ਜੋ ਉਥੋਂ ਭਾਰਤ ਆਉਣ ਦੇ ਇੱਛੁਕ ਹਨ।


3000 ਤੋਂ ਵੱਧ ਲੋਕਾਂ ਦੀ ਮੌਤ 


ਸ਼ਨੀਵਾਰ (7 ਅਕਤੂਬਰ) ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਹੁਣ ਤੱਕ 1,300 ਤੋਂ ਵੱਧ ਇਜ਼ਰਾਈਲੀ ਮਾਰੇ ਜਾ ਚੁੱਕੇ ਹਨ, ਜਦੋਂ ਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ 2,215 ਫਲਸਤੀਨੀ ਮਾਰੇ ਗਏ ਹਨ ਅਤੇ 8,714 ਹੋਰ ਜ਼ਖ਼ਮੀ ਹੋਏ ਹਨ।


ਇਹ ਵੀ ਪੜ੍ਹੋ: Israel Hamas War: ਹਮਾਸ ਦੇ ਹਮਲੇ ਤੋਂ ਠੀਕ ਪਹਿਲਾਂ ਅਮਰੀਕਾ ਨੇ ਇਜ਼ਰਾਈਲ ਨੂੰ ਕੀਤਾ ਸੀ ਅਲਰਟ , ਰਿਪੋਰਟ ਵਿੱਚ ਖ਼ੁਲਾਸਾ