PM Modi-Benjamin Netanyahu Talks: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ (19 ਦਸੰਬਰ) ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਨੇਤਨਯਾਹੂ ਨੂੰ ਮਨੁੱਖੀ ਸਹਾਇਤਾ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਬਿਆਨ ਅਨੁਸਾਰ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਟੈਲੀਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਸਾਂਝੀਆਂ ਕੀਤੀਆਂ।
PMO ਦੇ ਅਨੁਸਾਰ, "ਪ੍ਰਧਾਨ ਮੰਤਰੀ ਨੇ ਪ੍ਰਭਾਵਿਤ ਅਬਾਦੀ ਨੂੰ ਲਗਾਤਾਰ ਮਾਨਵਤਾਵਾਦੀ ਸਹਾਇਤਾ ਦੀ ਲੋੜ ਨੂੰ ਦੁਹਰਾਇਆ ਅਤੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਸਾਰੇ ਬੰਧਕਾਂ ਦੀ ਰਿਹਾਈ ਸਮੇਤ, ਸੰਘਰਸ਼ ਦੇ ਛੇਤੀ ਅਤੇ ਸ਼ਾਂਤੀਪੂਰਨ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ।"
PM ਮੋਦੀ ਨੇ ਕੀ ਕਿਹਾ?
ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ, "ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ 'ਤੇ ਫਲਦਾਇਕ ਵਿਚਾਰ ਵਟਾਂਦਰੇ ਹੋਏ, ਜਿਸ ਵਿੱਚ ਸਮੁੰਦਰੀ ਆਵਾਜਾਈ ਦੀ ਸੁਰੱਖਿਆ 'ਤੇ ਸਾਂਝੀਆਂ ਚਿੰਤਾਵਾਂ ਸ਼ਾਮਲ ਹਨ।"
ਉਨ੍ਹਾਂ ਨੇ ਕਿਹਾ, "ਪ੍ਰਭਾਵਿਤ ਲੋਕਾਂ ਨੂੰ ਲਗਾਤਾਰ ਮਾਨਵਤਾਵਾਦੀ ਸਹਾਇਤਾ ਦੇ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਦੇ ਪੱਖ ਵਿੱਚ ਭਾਰਤ ਦੇ ਨਿਰੰਤਰ ਰੁਖ ਨੂੰ ਉਜਾਗਰ ਕੀਤਾ ਗਿਆ ਹੈ।"
ਇਹ ਵੀ ਪੜ੍ਹੋ: NIA ਕਰੇਗੀ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਾਮਲੇ ਦੀ ਜਾਂਚ
ਕਦੋਂ ਸ਼ੁਰੂ ਹੋਈ ਜੰਗ
ਇਹ ਜੰਗ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਭਿਆਨਕ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ। ਹੁਣ ਤੱਕ ਇਸ 'ਚ ਕਰੀਬ 20,000 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 19 ਲੱਖ ਦੇ ਕਰੀਬ ਲੋਕ ਬੇਘਰ ਹੋ ਚੁੱਕੇ ਹਨ।
ਮੰਗਲਵਾਰ ਨੂੰ ਇਜ਼ਰਾਈਲ ਨੇ ਦੱਖਣੀ ਗਾਜ਼ਾ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ, ਜਿਸ 'ਚ 28 ਫਲਸਤੀਨੀ ਮਾਰੇ ਗਏ। ਇਜ਼ਰਾਈਲ ਨੇ ਗਾਜ਼ਾ ਦੇ ਉੱਤਰੀ ਹਿੱਸੇ ਵਿਚ ਇਕਲੌਤੇ ਸੰਚਾਲਿਤ ਹਸਪਤਾਲ 'ਤੇ ਵੀ ਛਾਪਾ ਮਾਰਿਆ।
ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਇਜ਼ਰਾਇਲੀ ਹਮਲੇ 'ਚ ਤਿੰਨ ਬੰਧਕਾਂ ਦੀ ਮੌਤ ਤੋਂ ਬਾਅਦ ਇਜ਼ਰਾਈਲ 'ਤੇ ਜੰਗਬੰਦੀ ਲਈ ਦਬਾਅ ਵੱਧ ਰਿਹਾ ਹੈ। ਹਾਲਾਂਕਿ ਅਮਰੀਕਾ ਦੇ ਵਧਦੇ ਸਮਰਥਨ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਦੇ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ।