ਨਵੀਂ ਦਿੱਲੀ: ਇਸਰੋ ਦੇ ਮੁਖੀ ਕੇ ਸਿਵਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-2 ਆਰਬਿਟਰ ਚੰਗਾ ਕੰਮ ਕਰ ਰਿਹਾ ਹੈ। ਆਰਬਿਟਰ ਵਿੱਚ 8 ਯੰਤਰ ਹਨ। ਹਰ ਯੰਤਰ ਉਹੀ ਕੰਮ ਕਰ ਰਿਹਾ ਹੈ ਜੋ ਇਸ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੋਂ ਤਕ ਲੈਂਡਰ ਵਿਕਰਮ ਦੀ ਗੱਲ ਹੈ, ਅਸੀਂ ਅਜੇ ਉਸ ਨਾਲ ਸੰਪਰਕ ਨਹੀਂ ਕਰ ਸਕੇ। ਸਾਡੀ ਅਗਲੀ ਤਰਜੀਹ ਗਗਨਯਾਨ ਮਿਸ਼ਨ ਹੈ।


ਇਸ ਤੋਂ ਪਹਿਲਾਂ 7 ਸਤੰਬਰ ਨੂੰ ਇਸਰੋ ਨੇ ਰਿਪੋਰਟ ਦਿੱਤੀ ਸੀ ਕਿ ਚੰਦਰਮਾ ਦੇ ਦੱਖਣੀ ਧਰੁਵ 'ਤੇ ਉੱਤਰਣ ਤੋਂ 2.1 ਕਿਲੋਮੀਟਰ ਪਹਿਲਾਂ ਹੀ ਵਿਕਰਮ ਲੈਂਡਰ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ। ਵਿਕਰਮ 2 ਸਤੰਬਰ ਨੂੰ ਚੰਦਰਯਾਨ-2 ਆਰਬਿਟਰ ਤੋਂ ਵੱਖ ਹੋ ਗਿਆ ਸੀ। ਮਿਸ਼ਨ ਦੀ ਸ਼ੁਰੂਆਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 22 ਜੁਲਾਈ ਨੂੰ ਕੀਤੀ ਗਈ ਸੀ।


ਨਾਸਾ ਨੇ ਚੰਦਰਯਾਨ-2 ਬਾਰੇ ਟਵੀਟ ਕੀਤਾ ਸੀ, 'ਪੁਲਾੜ ਕਠਿਨ ਹੈ। ਅਸੀਂ ਇਸਰੋ ਦੀ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-2 ਨੂੰ ਉਤਾਰਨ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕਰਦੇ ਹਾਂ। ਤੁਸੀਂ ਸਾਨੂੰ ਪ੍ਰੇਰਿਤ ਕੀਤਾ ਹੈ ਤੇ ਭਵਿੱਖ ਵਿੱਚ ਅਸੀਂ ਸੌਰ ਮੰਡਲ ਦੀ ਪੜਚੋਲ ਕਰਨ ਲਈ ਮਿਲ ਕੇ ਕੰਮ ਕਰਾਂਗੇ।'