ਨਵੀਂ ਦਿੱਲੀ : ਕੁੱਝ ਸਮੇਂ ਬਾਅਦ ਸੜਕ ਰਾਹੀਂ ਦਿੱਲੀ (Delhi) ਤੋਂ ਪੰਜਾਬ (Punjab) ਜਾਣਾ ਆਸਾਨ ਹੋ ਜਾਵੇਗਾ। ਦਿੱਲੀ-ਅੰਮ੍ਰਿਤਸਰ-ਕਟੜਾ (Delhi-Amritsar-Katra Expressway) ਐਕਸਪ੍ਰੈੱਸ ਵੇਅ  (Expressway) ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਤਿੰਨ ਸੂਬਿਆਂ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈੱਸ ਵੇਅ ’ਤੇ ਦੋ ਸੂਬਿਆਂ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਤੀਜੇ ਸੂਬੇ ਵਿੱਚ ਉਸਾਰੀ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (Ministry of Road Highways and Transport) ਨੇ ਹਰਿਆਣਾ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈੱਸ-ਵੇਅ ਦੇ ਹਿੱਸੇ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਰਚ 2024 ਤੱਕ ਪੂਰਾ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਪੰਜਾਬ ਜਾਣਾ ਆਸਾਨ ਹੋ ਜਾਵੇਗਾ।


ਦਿੱਲੀ-ਕਟੜਾ ਐਕਸਪ੍ਰੈੱਸ-ਵੇਅ 668 ਕਿਲੋਮੀਟਰ ਲੰਬਾ ਹੈ, ਜੋ ਤਿੰਨ ਸੂਬਿਆਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਨੁਸਾਰ 597 ਕਿਲੋਮੀਟਰ ਜ਼ਮੀਨ ਐਕੁਆਇਰ ਕਰਕੇ ਉਸਾਰੀ ਲਈ ਸੌਂਪ ਦਿੱਤੀ ਗਈ ਹੈ। ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਐਕੁਆਇਰ ਕਰ ਲਈ ਜਾਵੇਗੀ। ਇਸ ਐਕਸਪ੍ਰੈੱਸ-ਵੇਅ ਦਾ ਵੱਧ ਤੋਂ ਵੱਧ ਹਿੱਸਾ 422 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ। ਹਰਿਆਣਾ ਅਤੇ ਪੰਜਾਬ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਜ਼ਮੀਨ ਐਕੁਆਇਰ ਕਰਕੇ ਉਸਾਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ।


ਹਰਿਆਣਾ ਵਿੱਚ ਇਨ੍ਹਾਂ ਜ਼ਿਲ੍ਹਿਆਂ 'ਚੋਂ ਲੰਘੇਗਾ


ਐਕਸਪ੍ਰੈੱਸ-ਵੇਅ ਕੁੰਡਲੀ, ਮਾਨੇਸਰ, ਪਲਵਲ (ਕੇਐਮਪੀ) ਇੰਟਰਚੇਂਜ ਤੋਂ ਸ਼ੁਰੂ ਹੋ ਕੇ ਝੱਜਰ, ਰੋਹਤਕ, ਸੋਨੀਪਤ, ਜੀਂਦ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇੱਥੋਂ ਲੰਘਣ ਵਾਲਾ ਐਕਸਪ੍ਰੈਸਵੇਅ ਮਾਰਚ 2024 ਤੱਕ ਪੂਰਾ ਹੋ ਜਾਵੇਗਾ।


ਜਾਣੋ ਐਕਸਪ੍ਰੈੱਸ ਵੇਅ ਦੀ ਮੌਜੂਦਾ ਪ੍ਰਗਤੀ ਨੂੰ 


668 ਕਿਲੋਮੀਟਰ ਲੰਬਾ ਐਕਸਪ੍ਰੈੱਸ ਵੇਅ 158 ਕਿਲੋਮੀਟਰ ਹਰਿਆਣਾ ਅਤੇ 422 ਕਿਲੋਮੀਟਰ ਪੰਜਾਬ ਵਿੱਚ ਹੋਵੇਗਾ। ਹਰਿਆਣਾ ਵਿੱਚ 158 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿੱਚ 107 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਗਈ ਹੈ। ਇੱਥੇ 39 ਕਿਲੋਮੀਟਰ ਸੈਕਸ਼ਨ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ 88 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ, ਜਿਸ ਵਿੱਚੋਂ 55 ਕਿਲੋਮੀਟਰ ਜ਼ਮੀਨ ਸੌਂਪ ਦਿੱਤੀ ਗਈ ਹੈ। ਇਸ ਐਕਸਪ੍ਰੈਸ ਵੇਅ ਦੀ ਕੁੱਲ ਅਨੁਮਾਨਿਤ ਲਾਗਤ 3737525 ਕਰੋੜ ਰੁਪਏ ਹੈ।


ਸਮੇਂ ਦੀ ਹੋਵੇਗੀ ਬਚਤ


ਮੌਜੂਦਾ ਸਮੇਂ 'ਚ ਦਿੱਲੀ ਤੋਂ ਵੈਸ਼ਨੋਦੇਵੀ, ਕਟੜਾ ਤੱਕ ਸੜਕ ਰਾਹੀਂ ਜਾਣ 'ਚ ਕਰੀਬ 14 ਘੰਟੇ ਲੱਗਦੇ ਹਨ। ਦਿੱਲੀ ਤੋਂ ਅੰਮ੍ਰਿਤਸਰ ਤੱਕ 405 ਕਿਲੋਮੀਟਰ ਦਾ ਸਫਰ ਕਰਨ ਲਈ ਅੱਠ ਘੰਟੇ ਲੱਗਦੇ ਹਨ। ਪਰ ਐਕਸਪ੍ਰੈਸ ਵੇਅ ਬਣਨ ਤੋਂ ਬਾਅਦ ਕਟੜਾ ਦੀ ਦੂਰੀ ਅੱਠ ਘੰਟਿਆਂ ਵਿੱਚ ਅਤੇ ਅੰਮ੍ਰਿਤਸਰ ਦੀ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ। ਇਹ ਐਕਸਪ੍ਰੈੱਸ ਵੇਅ ਚਾਰ ਮਾਰਗੀ ਹੋਵੇਗਾ, ਜਿਸ ਵਿੱਚ ਟਰੱਕ ਸਟਾਪ, ਫੂਡ ਕੋਰਟ, ਟਰਾਮਾ ਸੈਂਟਰ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਟਰੈਫਿਕ ਪੁਲਿਸ ਸਟੇਸ਼ਨ ਹੋਣਗੇ।