ITBP Bus Accident : ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ ਵਾਪਰਿਆ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ  'ਚ ਹੁਣ ਤੱਕ 7 ਤੋਂ ਵੱਧ ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ। ਬੱਸ ਪਹਿਲਗਾਮ ਦੇ ਫਰਿਸਲਾਨ ਵਿੱਚ ਇੱਕ ਖੱਡ ਵਿੱਚ ਪਲਟ ਗਈ। ਅਮਰਨਾਥ ਯਾਤਰਾ 'ਚ ITBP ਦੇ ਜਵਾਨ ਤਾਇਨਾਤ ਕੀਤੇ ਗਏ ਸਨ ਜਿੱਥੋਂ ਡਿਊਟੀ ਕਰਕੇ ਇਹ ਜਵਾਨ ਪਰਤ ਰਹੇ ਸਨ ਕਿ ਰਸਤੇ  'ਚ ਬੱਸ ਦੇ ਬ੍ਰੇਕ ਫੇਲ੍ਹ ਹੋਣ  'ਤੇ ਬੇਕਾਬੂ ਹੋ ਕੇ ਬੱਸ ਨਦੀ 'ਚ ਜਾ ਡਿੱਗੀ।   


ਵੱਡੀ ਗਿਣਤੀ ਵਿੱਚ ਜਵਾਨਾਂ ਦੇ ਮਾਰੇ ਜਾਣ ਦੀ ਸੰਭਾਵਨਾ 
ਦੱਸ ਦੇਈਏ ਕਿ ਬੱਸ ਵਿੱਚ 39 ਜਵਾਨ ਸਵਾਰ ਸਨ। ਜਿਸ ਵਿੱਚ ITBP ਦੇ 37 ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ 2 ਜਵਾਨ ਸ਼ਾਮਲ ਸਨ। ਸਾਰੇ ਜਵਾਨ ਚੰਦਨਵਾੜੀ ਤੋਂ ਪਹਿਲਗਾਮ ਵੱਲ ਜਾ ਰਹੇ ਸਨ। ਇਸ ਹਾਦਸੇ 'ਚ ਵੱਡੀ ਗਿਣਤੀ 'ਚ ਫੌਜੀਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। 


7 ਤੋਂ 10 ਜਵਾਨਾਂ ਦੀ ਹਾਲਤ ਨਾਜ਼ੁਕ 
ਸਾਰੇ ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਵਾਪਸ ਆ ਰਹੇ ਸਨ, ਜੋ ਜੰਮੂ-ਕਸ਼ਮੀਰ ਪੁਲਿਸ ਦੀ ਬੱਸ ਵਿੱਚ ਸਵਾਰ ਸਨ। ਦੱਸ ਦੇਈਏ ਕਿ ਬੱਸ 'ਚ ਸਵਾਰ ਸਾਰੇ ਜਵਾਨ ਜ਼ਖਮੀ ਹਨ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਸਵੇਰੇ 11 ਵਜੇ ਦੀ ਹੈ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਅਨੰਤਨਾਗ ਸਥਿਤ ਹਸਪਤਾਲ ਲਿਜਾਇਆ ਗਿਆ ਹੈ। ਅਨੰਤਨਾਗ ਦੇ ਜੀਐਮਸੀ ਹਸਪਤਾਲ ਵਿੱਚ ਜ਼ਖ਼ਮੀ ਜਵਾਨਾਂ ਦਾ ਇਲਾਜ ਕਰ ਰਹੇ ਡਾਕਟਰ ਸਈਅਦ ਤਾਰਿਕ ਨੇ ਦੱਸਿਆ ਕਿ ਕਰੀਬ 30 ਮਰੀਜ਼ ਆਏ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਸੀਂ ਅਤੇ ਸਾਡੇ ਸਾਰੇ ਡਾਕਟਰ ਪੂਰੀ ਤਰ੍ਹਾਂ ਤਿਆਰ ਹਨ। ਇਸ ਦੇ ਨਾਲ ਹੀ 7 ਤੋਂ 10 ਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਕਿ ਲੋੜ ਪੈਣ 'ਤੇ ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਬਾਹਰ ਵੀ ਲਿਜਾਇਆ ਜਾ ਸਕਦਾ ਹੈ।


ਸ਼ਾਹਨਵਾਜ਼ ਹੁਸੈਨ ਨੇ ਦੁੱਖ ਕੀਤਾ ਪ੍ਰਗਟ
ਬਿਹਾਰ ਦੇ ਸਾਬਕਾ ਮੰਤਰੀ ਸ਼ਾਹਨਵਾਜ਼ ਹੁਸੈਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, "ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰਿਆ ਹਾਦਸਾ ਬੇਹੱਦ ਦੁਖਦਾਈ ਹੈ। ਅਮਰਨਾਥ ਯਾਤਰਾ ਵਿੱਚ ਲੱਗੀ ਆਈਟੀਬੀਪੀ ਦੀ ਬੱਸ ਦੇ ਡਿੱਗਣ ਕਾਰਨ ਕਈ ਜਵਾਨਾਂ ਦੇ ਸ਼ਹੀਦ ਅਤੇ ਜ਼ਖ਼ਮੀ ਹੋਣ ਦੀ ਖ਼ਬਰ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ। ਸ਼ਹੀਦਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਹੈ। ਸ਼ਹੀਦਾਂ।ਜਖਮੀ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦੇ ਹੋਏ।


ਐਲਜੀ ਮਨੋਜ ਸਿਨਹਾ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ 
ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, "ਚੰਦਨਵਾੜੀ ਨੇੜੇ ਬੱਸ ਹਾਦਸੇ ਤੋਂ ਬਹੁਤ ਦੁੱਖ ਹੋਇਆ, ਜਿਸ ਵਿੱਚ ਅਸੀਂ ਆਪਣੇ ਬਹਾਦਰ ITBP ਜਵਾਨਾਂ ਨੂੰ ਗੁਆ ਦਿੱਤਾ। ਦੁਖੀ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ। ਸੰਭਾਵਿਤ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।