ਕੋਲਕਾਤਾ: ਕਿਸੇ ਇਮਾਰਤ ਦੀ ਖਿੜਕੀ ਵਿੱਚੋਂ 500-2000 ਰੁਪਏ ਦੇ ਨੋਟਾਂ ਦੀ ਬਾਰਸ਼ ਹੁੰਦੀ ਹੋਵੇ ਤਾਂ ਤੁਸੀਂ ਕੀ ਸੋਚੋਗੇ। ਥੋੜ੍ਹੀ ਦੇਰ ਲਈ ਬੇਸ਼ੱਕ ਤੁਸੀਂ ਹੈਰਾਨ ਹੋ ਜਾਓਗੇ, ਸੋਚੋਗੇ ਕਿ ਪੈਸੇ ਇਕੱਠੇ ਕਰੀਏ ਜਾਂ ਨਹੀਂ ਪਰ ਕੁਝ ਅਜਿਹਾ ਹੀ ਕੋਲਕਾਤਾ ‘ਚ ਹੋਇਆ ਹੈ। ਇੱਥੇ 500-2000 ਦੇ ਨੋਟਾਂ ਦੀ ਬਾਰਸ਼ ਹੋਈ।

ਜੀ ਹਾਂ, ਮੱਧ ਕੋਲਕਾਤਾ ਦੇ ਇੱਕ ਕਾਮਰਸ਼ੀਅਲ ਇਮਾਰਤ ਤੋਂ ਬੁੱਧਵਾਰ ਦੁਪਹਿਰ ਨੂੰ ਅਚਾਨਕ ਨੋਟਾਂ ਦੀ ਬਾਰਸ਼ ਹੋਣ ਲੱਗੀ। ਇਮਾਰਤ ਦੀ ਖਿੜਕੀ ਵਿੱਚੋਂ 500-2000 ਰੁਪਏ ਦੇ ਨੋਟ ਹੇਠ ਡਿੱਗ ਰਹੇ ਸੀ। ਇਹ ਨਜ਼ਾਰਾ ਵੇਖ ਰਾਹਗੀਰ ਹੈਰਾਨ ਹੋ ਗਏ ਜਿਸ ਨੂੰ ਵੇਖ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਕਰਮੀਆਂ ਨੇ ਵੀ ਖੂਬ ਨੋਟ ਬਟੋਰੇ।

ਹੇਅਰ ਸਟ੍ਰੀਟ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਮਿਲਦੇ ਹੀ ਉਨ੍ਹਾਂ ਨੇ ਭੀੜ ਨੂੰ ਮੌਕੇ ਤੋਂ ਹਟਾਇਆ। ਪੁਲਿਸ ਨੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਪ੍ਰਾਈਵੇਟ ਕੰਪਨੀ ਦਾ ਦਫਤਰ ਹੈ। ਜਿੱਥੇ ਡੀਆਰਆਈ ਦੇ ਅਧਿਕਾਰੀ ਰੇਡ ਕਰਨ ਪਹੁੰਚੇ ਹਨ ਤੇ ਕੰਪਨੀ ਦੇ ਕਰਮੀਆਂ ਨੇ ਹੜਬੜੀ ‘ਚ ਨੋਟਾਂ ਨੂੰ ਖਿੜਕੀ ਤੋਂ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ।


ਦਫਤਰ ਦੇ ਅੰਦਰ ਟਾਈਲਟ ਦੀ ਖਿੜਕੀ ਵਿੱਚੋਂ ਅੱਠ ਤੋਂ 10 ਲੱਖ ਰੁਪਏ ਦੇ ਨੋਟ ਸੁੱਟੇ ਗਏ ਜਿਸ '500 ਤੇ 2000 ਰੁਪਏ ਦੇ ਬੰਡਲ ਵੀ ਸਨ। ਇਸ 'ਚ ਡੀਆਰਆਈ ਦੁਆਰਾ ਕੁਲ 3.74 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਬਾਕੀ ਨੋਟਾਂ ਦਾ ਪਤਾ ਨਹੀਂ ਲੱਗ ਸੱਕਿਆ।