JahangirPuri Violence: ਦਿੱਲੀ ਦੀ ਗਰਮੀ ਵਿਚਕਾਰ ਬੁੱਧਵਾਰ ਨੂੰ ਜਹਾਂਗੀਰਪੁਰੀ ਦੰਗਿਆਂ ਦੇ ਮੁੱਦੇ ਨੇ ਸਿਆਸੀ ਪਾਰਾ ਗਰਮਾ ਦਿੱਤਾ ਹੈ। ਸਵੇਰ ਤੋਂ ਹੀ ਜਹਾਂਗੀਰਪੁਰੀ ਨੂੰ ਲੈ ਕੇ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਵਿਚਾਲੇ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਸੀ। ਦੁਪਹਿਰ ਬਾਅਦ ਕਾਂਗਰਸ ਵੀ ਇਸ ਜੰਗ ਵਿੱਚ ਕੁੱਦ ਪਈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਸ਼ਾਸਤ ਐਮਸੀਡੀ ਵੱਲੋਂ ਬੁਲਡੋਜ਼ਰ ਚਲਾਉਣ ਤੇ ਸੁਪਰੀਮ ਕੋਰਟ ਦੇ ਸਟੇਅ ਦੇ ਬਾਵਜੂਦ ਕਾਰਵਾਈ ਜਾਰੀ ਰੱਖਣ 'ਤੇ ਇਤਰਾਜ਼ ਜਤਾਉਂਦੇ ਹੋਏ ਮੋਦੀ ਸਰਕਾਰ 'ਤੇ ਹਮਲਾ ਬੋਲਿਆ।



ਰਾਹੁਲ ਗਾਂਧੀ ਨੇ ਕੀ ਕਿਹਾ?
ਰਾਹੁਲ ਨੇ ਟਵਿੱਟਰ 'ਤੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਲਿਖਿਆ, 'ਮੋਦੀ ਜੀ, ਮਹਿੰਗਾਈ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਬਿਜਲੀ ਕੱਟਾਂ ਕਾਰਨ ਛੋਟੇ ਉਦਯੋਗ ਠੱਪ ਹੋ ਜਾਣਗੇ ਜਿਸ ਕਾਰਨ ਭਵਿੱਖ ਵਿੱਚ ਨੌਕਰੀਆਂ ਦਾ ਹੋਰ ਨੁਕਸਾਨ ਹੋਵੇਗਾ। ਇਸ ਲਈ ਨਫ਼ਰਤ ਦੇ ਬੁਲਡੋਜ਼ਰ ਬੰਦ ਕਰੋ ਤੇ ਬਿਜਲੀ ਘਰ ਚਾਲੂ ਕਰੋ।








ਬੁਲਡੋਜ਼ਰ ਤੇ ਕੋਲੇ ਦੀ ਸਮੱਸਿਆ ਕਿਉਂ ਉਠਾਈ
ਰਾਹੁਲ ਨੇ ਵਿਰੋਧੀ ਧਿਰ 'ਤੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ। ਉਨ੍ਹਾਂ ਨੇ ਜਿੱਥੇ ਇੱਕ ਪਾਸੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਹਿੰਸਾ ਦੇ ਮਾਮਲੇ ਵਿੱਚ ਬੁਲਡੋਜ਼ਰ ਚਲਾਉਣ ਉੱਤੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਦੂਜੇ ਪਾਸੇ ਦੇਸ਼ ਵਿੱਚ ਸ਼ੁਰੂ ਹੋ ਰਹੇ ਬਿਜਲੀ ਸੰਕਟ ਨੂੰ ਵੀ ਉਠਾਇਆ।

ਦਰਅਸਲ ਕਈ ਰਾਜਾਂ ਦੇ ਪਾਵਰ ਪਲਾਂਟਾਂ 'ਚ ਕੋਲੇ ਦੀ ਕਮੀ ਕਾਰਨ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਹ ਸਮੱਸਿਆ ਕਿੰਨੀ ਵੱਡੀ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਲਾ ਮੰਤਰੀ ਸਮੇਤ 4 ਕੇਂਦਰੀ ਮੰਤਰੀਆਂ ਨਾਲ ਇਸ ਮੁੱਦੇ 'ਤੇ ਬੈਠਕ ਕੀਤੀ ਸੀ।