ਚੰਡੀਗੜ੍ਹ/ਜੈਪੁਰ: ਪੁਲਵਾਮਾ ਹਮਲੇ ਤੋਂ ਕੁਝ ਦਿਨਾਂ ਬਾਅਦ ਅੱਜ ਜੈਪੁਰ ਦੀ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪਾਕਿਸਤਾਨੀ ਕੈਦੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਬਾਅਦ ਜੇਲ੍ਹ ਵਿੱਚ ਹੜਕੰਪ ਮੱਚ ਗਿਆ ਹੈ। ਮ੍ਰਿਤਕ ਕੈਦੀ ਦੀ ਪਛਾਣ ਸ਼ਕੀਰ ਵਜੋਂ ਹੋਈ ਹੈ। ਹਾਲੇ ਤਕ ਇਸ ਕਤਲ ਦਾ ਕਾਰਨ ਸਪਸ਼ਟ ਨਹੀਂ ਹੋਇਆ।
ਇਸ ਮਗਰੋਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪਾਕਿਸਤਾਨੀ ਕੈਦੀ ਵੱਖ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਇਸ ਵੇਲੇ 35 ਪਾਕਿ ਕੈਦੀ ਸਜ਼ਾ ਕੱਟ ਰਹੇ ਹਨ। ਇਸ ਤੋਂ ਇਲਾਵਾ 20-22 ਕੈਦੀ ਕੈਦੀ ਸਜ਼ਾ ਪੂਰੀ ਹੋਣ ਮਗਰੋਂ ਵੀ ਰਿਹਾਅ ਨਹੀਂ ਹੋ ਸਕੇ। ਪਾਕਿਸਤਾਨ ਇਨ੍ਹਾਂ ਨੂੰ ਆਪਣੇ ਨਾਗਰਿਕ ਨਹੀਂ ਮੰਨਦਾ।
ਜੈਪੁਰ ਦੀ ਘਟਨਾ ਬਾਅਦ ਸੀਨੀਅਰ ਪੁਲਿਸ ਅਫ਼ਸਰ ਤੇ ਫੌਰੈਂਸਿਕ ਮਾਹਰਾਂ ਦੀ ਟੀਮ ਜਾਂਚ ਲਈ ਜੇਲ੍ਹ ਵਿੱਚ ਪਹੁੰਚ ਚੁੱਕੀ ਹੈ। ਪੁਲਿਸ ਮੁਤਾਬਕ ਕਤਲ ਦੇ ਮਾਮਲੇ ਵਿੱਚ ਜੇਲ੍ਹ ’ਚ ਬੰਦ ਤਿੰਨ ਕੈਦੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਕੈਦੀ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਇਹ ਘਟਨਾ ਠੀਕ ਪੁਲਵਾਮਾ ਹਮਲੇ ਦੇ ਬਾਅਦ ਹੋਈ ਹੈ। ਇਸ ਹਮਲੇ ਵਿੱਚ ਭਾਰਤੀ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ ਹਮਲੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲੇ ਦੇ ਵਿਰੋਧ ਵਿੱਚ ਕੈਦੀਆਂ ਨੇ ਹੀ ਇਹ ਕਤਲ ਕੀਤਾ ਹੋ ਸਕਦਾ ਹੈ।