ਚੰਡੀਗੜ੍ਹ: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਨੇ ਰੋਹਤਕ ਦੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਸਿਰਫ ਰੋਹਤਕ ਹੀ ਨਹੀਂ, ਬਲਕਿ ਕਈ ਹੋਰ ਰੇਲਵੇ ਸਟੇਸ਼ਨ ਤੇ ਮੰਦਰਾਂ 'ਤੇ ਵੀ ਬੰਬ ਸੁੱਟਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਵਾਲੀ ਚਿੱਠੀ ਮਿਲਣ ਤੋਂ ਬਾਅਦ ਕੇਸ ਦਰਜ ਕਰਕੇ ਜੀਆਰਪੀ ਨੇ ਸੁਰੱਖਿਆ ਵਧਾ ਦਿੱਤੀ ਹੈ। ਰੇਲਾਂ ਵਿੱਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਆਮ ਡਾਕ ਤੋਂ ਚਿੱਠੀ ਭੇਜ ਕੇ ਇਹ ਧਮਕੀ ਦਿੱਤੀ ਹੈ। ਚਿੱਠੀ ਵਿੱਚ ਰੋਹਤਕ ਦੇ ਇਲਾਵਾ ਹਿਸਾਰ, ਕੁਰੂਕੁਸ਼ੇਤਰ ਤੇ ਮਹਾਰਾਸ਼ਟਰ ਦੇ ਬਾਂਬੇ ਸਿਟੀ ਰੇਲਵੇ ਸਟੇਸ਼ਨ, ਚੇਨਈ, ਬੰਗਲੁਰੂ, ਜੈਪੁਰ, ਕੋਟਾ, ਭੋਪਾਲ, ਦੁਰਗ ਸਮੇਤ ਕਈ ਸਟੇਸ਼ਨਾਂ 'ਤੇ ਹਮਲਾ ਕਰਨ ਬਾਰੇ ਕਿਹਾ ਗਿਆ ਹੈ।



ਇੱਥੋਂ ਤਕ ਕਿ ਅੱਤਵਾਦੀਆਂ ਨੇ ਹਮਲਾ ਕਰਨ ਦੀ ਤਾਰੀਖ਼ ਵੀ ਤੈਅ ਕਰ ਦਿੱਤੀ ਹੈ। ਉਨ੍ਹਾਂ 8 ਅਕਤੂਬਰ ਨੂੰ ਉਕਤ ਥਾਵਾਂ 'ਤੇ ਬੰਬ ਨਾਲ ਹਮਲੇ ਦੀ ਧਮਕੀ ਦਿੱਤੀ ਹੈ। ਇਸ ਹਮਲੇ ਪਿੱਛੇ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ।