ਚੰਡੀਗੜ੍ਹ: ਭਾਰਤ ਦਾ ਕਹਿਣਾ ਹੈ ਕਿ ਉਸ ਦੀ ਹਵਾਈ ਸੈਨਾ ਨੇ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕੀਤਾ ਤੇ ਹਮਲੇ ਦੌਰਾਨ ਲਗਪਗ 300 ਅੱਤਵਾਦੀ ਮਾਰੇ ਗਏ। ਮੀਡੀਆ ਮੁਤਾਬਕ ਜਿਨ੍ਹਾਂ ਵਿੱਚ ਜੈਸ਼ ਦੇ ਸੰਸਥਾਪਕ ਮੌਲਾਨਾ ਮਸੂਦ ਅਜਹਰ ਦਾ ਜੀਜਾ ਯੁਸੂਫ ਅਜ਼ਹਰ ਵੀ ਸ਼ਾਮਲ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਜੈਸ਼-ਏ-ਮੁਹੰਮਦ ਦੇ ਸੂਤਰਾਂ ਨੇ ਦੱਸਿਆ ਕਿ ਬਾਲਾਕੋਟ ਵਿੱਚ ਜਦੋਂ ਭਾਰਤੀ ਲੜਾਕੂ ਜਹਾਜ਼ ਮਿਰਾਜ ਨੇ ਹਮਲਾ ਕੀਤਾ ਤਾਂ ਉਸ ਵੇਲੇ ਯੁਸੂਫ ਅਜ਼ਹਰ ਉੱਥੇ ਮੌਜੂਦ ਨਹੀਂ ਸੀ। ਉਸ ਮੁਤਾਬਕ ਉਨ੍ਹਾਂ ਦੇ ਕਿਸੇ ਮੈਂਬਰ ਦੀ ਮੌਤ ਨਹੀਂ ਹੋਈ।
ਪਾਕਿਸਤਾਨ ਨੇ ਪਹਿਲਾਂ ਹੀ ਸੂਚਨਾ ਦੇ ਦਿੱਤੀ ਸੀ ਕਿ ਭਾਰਤੀ ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਪਾਰ ਕੀਤੀ ਹੈ। ਪਾਕਿਸਤਾਨੀ ਫੌਜ ਦੇ ਬੁਲਾਰਾ ਆਸਿਫ ਗਫੂਰ ਨੇ ਟਵੀਟ ਕਰਕੇ ਕਿਹਾ ਸੀ ਕਿ ਭਾਰਤ ਦੇ ਲੜਾਕੂ ਜਹਾਜ਼ ਮੁਜ਼ੱਫਰਾਬਾਦ ਦੇ ਸੈਕਟਰ ਦੇ 3-4 ਕਿਲੋਮੀਟਰ ਅੰਦਰ ਵੜ ਆਏ ਸੀ ਪਰ ਪਾਕਿਸਤਾਨ ਦੀ ਤਤਕਾਲ ਜਵਾਬੀ ਕਾਰਵਾਈ ਬਾਅਦ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।
40 ਸਾਲ ਦੇ ਅਜ਼ਹਰ ਦਾ ਵਿਆਹ ਮਸੂਦ ਅਜ਼ਹਰ ਦੀ ਛੋਟੀ ਭੈਣ ਨਾਲ ਹੋਈ ਹੈ। ਮਸੂਦ ਅਜ਼ਹਰ ਵਾਂਗ ਯੁਸੂਫ ਅਜ਼ਹਰ ਵੀ ਪੰਜਾਬ ਪ੍ਰਾਂਤ ਦੇ ਬਹਾਵਲਪੁਰ ਨਾਲ ਸਬੰਧਤ ਹੈ। ਉਹ ਜੈਸ਼ ਦਾ ਸਰਗਰਮ ਮੈਂਬਰ ਹੈ। ਯੁਸੂਫ ਅਜ਼ਹਰ ਉਸ ਦਾ ਕੋਡ ਨਾਂ ਹੈ ਜਿਸ ਤੋਂ ਉਸ ਦੀ ਮਸੂਦ ਅਜ਼ਹਰ ਨਾਲ ਨੇੜਤਾ ਜ਼ਾਹਰ ਹੁੰਦੀ ਹੈ। ਉਸ ਦਾ ਅਸਲੀ ਨਾਂ ਕਿਸੇ ਨੂੰ ਨਹੀਂ ਪਤਾ। ਉਹ ਗੌਰੀ ਦੇ ਨਾਂ ਤੋਂ ਵੀ ਮਸ਼ਹੂਰ ਸੀ।
ਜੈਸ਼ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਯੁਸੂਫ ਅਜ਼ਹਰ ਪੂਰੀ ਤਰ੍ਹਾਂ ਸੁਰੱਖਿਅਤ। ਇਨ੍ਹਾਂ ਲੋਕਾਂ ਮੁਤਾਬਕ ਜੈਸ਼-ਏ-ਮੁਹੰਮਦ ਦਾ ਕਿਸੇ ਅੱਤਵਾਦੀ ਨੂੰ ਨੁਕਸਾਨ ਨਹੀਂ ਪੁੱਜਾ। ਹੋਰ ਦਾਅਵਿਆਂ ਮੁਤਾਬਕ ਇਸ ਇਲਾਕੇ ਵਿੱਚ ਇਨ੍ਹੀਂ ਦਿਨੀਂ ਕੋਈ ਟ੍ਰੇਨਿੰਗ ਕੈਂਪ ਕੰਮ ਨਹੀਂ ਕਰ ਰਿਹਾ।