ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਪਹਿਲਾਂ ਅੱਤਵਾਦੀਆਂ ਦਾ ਖ਼ਾਤਮਾ ਹੋਵੇਗਾ। ਉਸ ਤੋਂ ਬਾਅਦ ਕਸ਼ਮੀਰ ਨੂੰ ਕਲੀਨ ਕੀਤਾ ਜਾਏਗਾ। ਰਾਜਪਾਲ ਨੇ ਘਾਟੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਨਾਂ ਕਿਸੇ ਡਰ ਦੇ ਈਦ ਦੀਆਂ ਤਿਆਰੀਆਂ ਸ਼ੁਰੂ ਕਰ ਦੇਣ। ਈਦ ਤੋਂ ਬਾਅਦ ਘਾਟੀ ਵਿੱਚ ਇੰਟਰਨੈੱਟ ਤੇ ਫੋਨ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆ।


ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ, 'ਮੈਂ ਅੱਤਵਾਦੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ 370 ਖਤਮ ਕਰ ਦਿੱਤੀ ਹੈ ਤੇ ਉਹ ਤੁਹਾਡੇ ਲਈ ਕੀਤਾ ਹੈ। ਇਸ ਵਾਰ ਖ਼ਤਮ ਹੋਣ ਤਕ ਲੜਾਂਗੇ। ਤੁਸੀਂ ਜਵਾਨ ਮਾਰਦੇ ਰਹੋ, ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਰਹੀਏ, ਅਜਿਹਾ ਨਹੀਂ ਹੋਵੇਗਾ।' ਉਨ੍ਹਾਂ ਕਿਹਾ, 'ਹੁਣ ਅੱਤਵਾਦੀਆਂ ਨਾਲ ਨਜਿੱਠਿਆ ਜਾਵੇਗਾ ਤੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਸਾਫ਼ ਕਰਾਂਗੇ। ਫਿਰ ਅਸੀਂ ਕਸ਼ਮੀਰ ਦਾ ਅਜਿਹਾ ਵਿਕਾਸ ਕਰਾਂਗੇ ਕਿ ਪੂਰਾ ਦੇਸ਼ ਵੇਖੇਗਾ ਕਿ ਕਸ਼ਮੀਰ ਕਿਵੇਂ ਬਦਲ ਗਿਆ।'


ਸੱਤਿਆਪਾਲ ਮਲਿਕ ਨੇ ਅੱਗੇ ਕਿਹਾ, 'ਅਸੀਂ ਇੱਥੋਂ ਦੇ ਨੌਜਵਾਨਾਂ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਨੌਕਰੀ ਕਿਵੇਂ ਮਿਲ ਸਕਦੀ ਹੈ। ਬੱਚਿਆਂ ਨੂੰ ਇਹ ਅਹਿਸਾਸ ਕਰਾ ਦਵਾਂਗੇ ਕਿ ਤੁਸੀਂ ਇੱਥੋਂ ਦੇ ਹੋ ਤੇ ਇੱਥੋਂ ਲਈ ਅੱਗੇ ਵਧੋ।' ਉਨ੍ਹਾਂ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬੜੀ ਧੂਮਧਾਮ ਨਾਲ ਈਦ ਦਾ ਤਿਉਹਾਰ ਮਨਾ ਸਕਣਗੇ। ਮਲਿਕ ਨੇ ਕਿਹਾ ਹੈ ਕਿ ਉਹ ਈਦ ਦੀਆਂ ਵਿਸ਼ੇਸ਼ ਤਿਆਰੀਆਂ ਕਰ ਰਹੇ ਹਨ।


ਇਸ ਤੋਂ ਇਲਾਵਾ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ 'ਤੇ ਕਿਹਾ ਕਿ ਉਹ ਬਿਆਨ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਖੱਟਰ ਨੂੰ ਕਸ਼ਮੀਰੀ ਕੁੜੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।