Kashmir Kulgam Encounter : ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਇਹ ਮੁਕਾਬਲਾ ਕੁਲਗਾਮ ਜ਼ਿਲ੍ਹੇ ਦੇ ਖੰਡੀਪੋਰਾ ਇਲਾਕੇ ਵਿੱਚ ਸ਼ੁਰੂ ਹੋਇਆ ਸੀ। ਪੁਲਿਸ ਨੂੰ ਖੰਡੀਪੋਰਾ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। 


 

ਪੁਲਿਸ ਮੁਤਾਬਕ ਸੂਚਨਾ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ। ਵਾਹਨਾਂ ਦੀ ਆਵਾਜਾਈ ਦੇ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ। ਪੁਲਿਸ ਨੇ ਦੱਸਿਆ ਕਿ ਮੁਕਾਬਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਐਚਐਮ (ਹਿਜ਼ਬੁਲ ਮੁਜਾਹਿਦੀਨ) ਦਾ ਇੱਕ ਅੱਤਵਾਦੀ ਮਾਰਿਆ ਗਿਆ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦੋ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਨੂੰ ਵੀਰਵਾਰ ਦੇਰ ਰਾਤ ਸੋਪੋਰ ਖੇਤਰ ਦੇ ਗੁਰਸੇਰ ਵਿਖੇ ਪੁਲਿਸ, ਸੀਆਰਪੀਐਫ ਅਤੇ ਫੌਜ ਦੁਆਰਾ ਸਾਂਝੇ ਤੌਰ 'ਤੇ ਸਥਾਪਤ ਕੀਤੀ ਗਈ ਚੈਕ ਪੋਸਟ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਅੱਤਵਾਦੀਆਂ ਕੋਲੋਂ ਇਤਰਾਜਯੋਗ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

ਇਸ ਦੌਰਾਨ ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਿਲਬਾਗ ਸਿੰਘ ਨੇ ਪਾਕਿਸਤਾਨ ਅਤੇ ਉਸ ਦੇ ਅੱਤਵਾਦੀ ਨੈੱਟਵਰਕ ਵੱਲੋਂ ਕਸ਼ਮੀਰ ਵਿੱਚ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਨੂੰ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਇਸ ਚੁਣੌਤੀ ਨਾਲ ਮਜ਼ਬੂਤੀ ਨਾਲ ਨਜਿੱਠ ਸਕਾਂਗੇ ਕਿਉਂਕਿ ਲੋਕ ਸਾਡੇ ਸਮਰਥਨ 'ਚ ਹਨ। 


ਡਰੋਨ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਰਹੀਆਂ ਅਸਫਲ 


ਡੀਜੀਪੀ ਨੇ ਕਿਹਾ, 'ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਅਤੇ ਆਮ ਸਥਿਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਲੋਕਾਂ ਦੇ ਜੀਵਨ ਵਿੱਚ ਸਮੱਸਿਆਵਾਂ ਪੈਦਾ ਕਰਨਾ ਚਾਹੁੰਦਾ ਹੈ। ਇਸ ਦੇ ਲਈ ਅੱਤਵਾਦੀ ਹਮੇਸ਼ਾ ਨਵੀਆਂ ਪੈਂਤੜੇ ਅਪਣਾਉਂਦੇ ਹਨ।’ ਡੀਜੀਪੀ ਨੇ ਕਿਹਾ, ‘ਇਸ ਚੁਣੌਤੀ ਨਾਲ ਮਜ਼ਬੂਤੀ ਨਾਲ ਨਜਿੱਠਿਆ ਜਾਵੇਗਾ। ਅਸੀਂ ਇਸ ਨਾਲ ਨਜਿੱਠ ਸਕਾਂਗੇ ਕਿਉਂਕਿ ਲੋਕ ਸਾਡਾ ਸਮਰਥਨ ਕਰ ਰਹੇ ਹਨ।’ 

 

ਡੀਜੀਪੀ ਨੇ ਕਿਹਾ, ‘ਪਾਕਿਸਤਾਨ ਅਤੇ ਆਈਐਸਆਈ ਦੇ ਇਸ਼ਾਰੇ ’ਤੇ ਦਹਿਸ਼ਤਗਰਦ ਡਰੋਨਾਂ ਰਾਹੀਂ ਆਈ.ਈ.ਡੀ., ਹਥਿਆਰ ਅਤੇ ਨਸ਼ੀਲੇ ਪਦਾਰਥਾਂ ਨੂੰ ਇਸ ਪਾਸੇ ਪਹੁੰਚਾ ਰਹੇ ਹਨ।’ ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਸਰਹੱਦ ਨੇੜੇ ਕਈ ਡਰੋਨ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ।