ਕਸ਼ਮੀਰ : ਜੰਮੂ-ਕਸ਼ਮੀਰ
  (Jammu & Kashmir) 'ਚ ਅੱਤਵਾਦੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਮੰਗਲਵਾਰ ਨੂੰ ਸ਼੍ਰੀਨਗਰ ਦੇ ਹਰੀ ਸਿੰਘ ਹਾਈ ਸਟਰੀਟ 'ਤੇ ਅੱਤਵਾਦੀਆਂ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇਸ ਹਮਲੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਪਰ ਆਸ-ਪਾਸ ਦੀਆਂ ਦੁਕਾਨਾਂ ਜਾਂ ਸ਼ੋਅਰੂਮਾਂ ਦੇ ਸ਼ੀਸ਼ੇ ਟੁੱਟ ਗਏ ਹਨ।

 

ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਹੈ। ਦਰਅਸਲ 'ਚ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਨੂੰ ਖਤਮ ਕਰਨ 'ਚ ਲੱਗੇ ਹੋਏ ਹਨ। ਵੱਖ-ਵੱਖ ਥਾਵਾਂ 'ਤੇ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਤਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਹੈ। ਇਸ ਕਾਰਨ ਅੱਤਵਾਦੀ ਗੁੱਸੇ 'ਚ ਹਨ ਅਤੇ ਅਜਿਹੇ ਹਮਲਿਆਂ ਰਾਹੀਂ ਆਪਣੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ।

 

 ਦੱਸ ਦੇਈਏ ਕਿ ਘਾਟੀ 'ਚ ਅੱਤਵਾਦੀਆਂ ਦੀ ਇਹ ਨਾਪਾਕ ਸਾਜ਼ਿਸ਼ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਮਹੀਨੇ 16 ਜਨਵਰੀ ਨੂੰ ਅੱਤਵਾਦੀਆਂ ਨੇ ਪੁਰਾਣੇ ਸ਼੍ਰੀਨਗਰ ਸ਼ਹਿਰ 'ਚ ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟਿਆ ਸੀ। ਇਸ ਹਮਲੇ 'ਚ ਇਕ ਪੁਲਿਸ ਕਰਮਚਾਰੀ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਰਾਫ ਕਦਲ ਖੇਤਰ 'ਚ ਤਾਇਨਾਤ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀਆਰਪੀਐੱਫ) ਦੇ ਜਵਾਨਾਂ 'ਤੇ ਗ੍ਰੇਨੇਡ ਸੁੱਟਿਆ।

 

ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਕਈ ਪੱਧਰਾਂ 'ਤੇ ਮੁਹਿੰਮ ਚੱਲ ਰਹੀ ਹੈ। ਅੱਤਵਾਦੀਆਂ ਦੇ ਜ਼ਮੀਨੀ ਨੈੱਟਵਰਕ ਨੂੰ ਨਸ਼ਟ ਕਰਨ ਲਈ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਐਨਆਈਏ, ਈਡੀ, ਸੀਬੀਆਈ, ਸਥਾਨਕ ਪੁਲਿਸ ਤੋਂ ਇਲਾਵਾ, ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਜ਼ਮੀਨੀ ਨੈਟਵਰਕ ਨੂੰ ਖਤਮ ਕਰਨ ਅਤੇ ਵਿੱਤੀ ਸਰੋਤਾਂ, ਹਵਾਲਾ ਫੰਡਿੰਗ ਵਿਰੁੱਧ ਕਾਰਵਾਈ ਵਿੱਚ ਸ਼ਾਮਲ ਹਨ।