Syed Ali Shah Geelani Death: ਹੁਰੀਅਤ ਕਾਨਫਰੰਸ ਦੇ ਸਾਬਕਾ ਮੁਖੀ ਤੇ ਵੱਖਵਾਦੀ ਲੀਡਰ ਸਈਅਦ ਅਲੀ ਸ਼ਾਹ ਗਿਲਾਨੀ ਦਾ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਬੁੱਧਵਾਰ ਸ੍ਰੀਨਗਰ 'ਚ ਆਪਣੀ ਰਿਹਾਇਸ਼ 'ਤੇ ਰਾਤ ਸਾਢੇ ਦਸ ਵਜੇ ਉਨ੍ਹਾਂ ਆਖਰੀ ਸਾਹ ਲਏ। ਉਨ੍ਹਾਂ ਦੇ ਸੀਨੇ ਚ ਜਕੜਨ ਤੇ ਸਾਹ ਲੈਣ ਤੋਂ ਤਕਲੀਫ ਆ ਰਹੀ ਸੀ। ਜੰਮੂ ਕਸ਼ਮੀਰ ਦੇ ਸਾਬਕਾ ਸੀਐਮ ਤੇ ਪੀਡੀਪੀ ਦਾ ਮੁਖੀ ਮਹਿਮੂਬਾ ਮੁਫ਼ਤੀ ਨੇ ਟਵੀਟ ਕਰਦਿਆਂ ਅਫਸੋਸ ਜਤਾਇਆ ਤੇ ਪਰਿਵਾਰ ਤੇ ਸ਼ੁਭਚਿੰਤਕਾਂ ਪ੍ਰਤੀ ਹਮਦਰਦੀ ਪ੍ਰਗਟਾਈ।


ਮਹਿਬੂਬਾ ਮੁਫ਼ਤੀ ਨੇ ਕਿਹਾ, 'ਗਿਲਾਨੀ ਸਾਹਿਬ ਦੇ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਾਂ। ਅਸੀਂ ਜ਼ਿਆਦਾਤਰ ਗੱਲਾਂ 'ਤੇ ਸਹਿਮਤ ਨਹੀਂ ਰਹਿ ਸਕੇ ਪਰ ਮੈਂ ਦ੍ਰਿੜਤਾ ਤੇ ਵਿਸ਼ਵਾਸ ਨਾਲ ਖੜੇ ਹੋਣ ਲਈ ਉਨ੍ਹਾਂ ਦਾ ਸਨਮਾਨ ਕਰਦੀ ਹਾਂ। ਅੱਲਾਹ ਉਨ੍ਹਾਂ ਨੂੰ ਜੰਨਤ ਦੇਵੇ।'






ਗਿਲਾਨੀ ਲੰਬੇ ਸਮੇਂ ਤੋਂ ਬਿਮਾਰ ਸਨ। 2008 ਤੋਂ ਆਪਣੀ ਰਿਹਾਇਸ਼ 'ਤੇ ਨਜ਼ਰਬੰਦ ਸਨ। ਪਿਛਲੇ ਸਾਲ ਉਨ੍ਹਾਂ ਹੁਰੀਅਤ ਕਾਨਫਰੰਸ ਦੇ ਮੁਖੀ ਦੇ ਤੌਰ 'ਤੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸਈਅਦ ਸ਼ਾਹ ਗਿਲਾਨੀ ਦਾ ਜਨਮ 29 ਸਤੰਬਰ, 1929 'ਚ ਹੋਇਆ ਸੀ। ਉਹ ਜੰਮੂ-ਕਸ਼ਮੀਰ ਦੇ ਵੱਖਵਾਦੀ ਲੀਡਰ ਸਨ। 


ਉਹ ਪਹਿਲਾਂ ਜਮਾਤ-ਏ-ਇਸਲਾਮੀ ਕਸ਼ਮੀਰ ਦੇ ਮੈਂਬਰ ਸਨ ਪਰ ਬਾਅਦ 'ਚ ਤਹਿਰੀਫ਼-ਏ-ਹੁਰੀਅਤ ਦੀ ਸਥਾਪਨਾ ਕੀਤੀ। ਉਨ੍ਹਾਂ ਜੰਮੂ ਤੇ ਕਸ਼ਮੀਰ 'ਚ ਵੱਖਵਾਦੀ ਸਮਰਥਕ ਦਲਾਂ ਦੇ ਇਕ ਸਮੂਹ ਆਲ ਪਾਰਟੀਜ਼ ਹੁਰੀਅਤ ਕਾਨਫਰੰਸ (APHC) ਦੇ ਮੁਖੀ ਦੇ ਤੌਰ 'ਤੇ ਵੀ ਕੰਮ ਕੀਤਾ। ਉਹ 1972, 1977 ਤੇ 1987 'ਚ ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਤੋਂ ਵਿਧਾਇਕ ਰਹੇ। ਉਨ੍ਹਾਂ ਜੂਨ 2020 'ਚ ਹੁਰੀਅਤ ਕਾਨਫਰੰਸ ਦੇ ਮੁਖੀ ਦੇ ਤੌਰ 'ਤੇ ਅਹੁਦਾ ਛੱਡ ਦਿੱਤਾ ਸੀ।


ਇਸ ਦਰਮਿਆਨ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਘਾਟੀ 'ਚ ਪਾਬੰਦੀ ਲਾਉਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਸਸਪੈਂਡ ਕਰ ਦਿੱਤੀ ਗਈ ਹੈ।