ਕਸ਼ਮੀਰ : ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਸਮੇਂ ਤੋਂ ਗੈਰ-ਮੁਸਲਿਮ ਸਮਾਜ ਦੇ ਲੋਕਾਂ ਖਾਸ ਕਰਕੇ ਹਿੰਦੂਆਂ ਖਿਲਾਫ ਟਾਰਗੇਟ ਕਿਲਿੰਗ ਦੇ ਜ਼ਰੀਏ ਇਕ ਤੋਂ ਬਾਅਦ ਇਕ ਕਰਕੇ ਵਧ ਰਹੀਆਂ ਘਟਨਾਵਾਂ ਦੇ ਵਿਚਕਾਰ ਰਾਜਧਾਨੀ ਸ਼੍ਰੀਨਗਰ ਦੇ ਕਈ ਇਲਾਕਿਆਂ 'ਚ ਤਾਇਨਾਤ 177 ਅਧਿਆਪਕਾਂ ਦਾ ਸ਼੍ਰੀਨਗਰ ਹੈੱਡਕੁਆਰਟਰ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਸਾਰੇ ਅਧਿਆਪਕ ਕਸ਼ਮੀਰੀ ਪੰਡਿਤ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਦੀ ਜ਼ਿਲ੍ਹਾ ਹੈੱਡਕੁਆਰਟਰ 'ਤੇ ਬਦਲੀ ਕਰ ਦਿੱਤੀ ਗਈ ਹੈ ਜਾਂ ਅਡਜਸਟਮੈਂਟ ਕੀਤੀ ਗਈ ਹੈ। ਫਿਲਹਾਲ ਜੰਮੂ 'ਚ ਹਿੰਦੂਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 


 

ਕਸ਼ਮੀਰ ਘਾਟੀ 'ਚ ਟਾਰਗੇਟ ਕਿਲਿੰਗ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸਰਕਾਰ ਨੇ ਸ਼੍ਰੀਨਗਰ ਦੇ ਵੱਖ-ਵੱਖ ਖੇਤਰਾਂ 'ਚ ਤਾਇਨਾਤ 177 ਕਸ਼ਮੀਰੀ ਪੰਡਿਤ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਸੁਰੱਖਿਅਤ ਥਾਵਾਂ 'ਤੇ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ।

ਲਗਾਤਾਰ ਹਮਲਿਆਂ ਦਰਮਿਆਨ ਗ੍ਰਹਿ ਮੰਤਰੀ ਨੇ ਲਿਆ ਸੁਰੱਖਿਆ ਦਾ ਜਾਇਜ਼ਾ


ਸਰਕਾਰ ਦੀ ਇਹ ਕਾਰਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਸ਼ਮੀਰੀ ਪੰਡਿਤ ਭਾਈਚਾਰੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਅਸ਼ਾਂਤ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਇੱਕ ਦਿਨ ਬਾਅਦ ਆਈ ਹੈ।

ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ 2012 ਵਿੱਚ ਨਿਯੁਕਤ ਕੀਤੇ ਗਏ ਕਸ਼ਮੀਰੀ ਪੰਡਤ , ਰਾਹੁਲ ਭੱਟ ਦੀ ਹੱਤਿਆ ਦੇ ਬਾਅਦ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲ ਸਮੂਹਿਕ ਪਲਾਇਨ ਦਾ ਖਤਰਾ ਪੈਦਾ ਹੋ ਗਿਆ ਹੈ। 

ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਵਿਖੇ 12 ਮਈ ਨੂੰ ਭੱਟ ਦੀ ਉਨ੍ਹਾਂ ਦੇ ਹੀ ਦਫ਼ਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭੱਟ ਦੀ ਹੱਤਿਆ ਦੇ ਮੱਦੇਨਜ਼ਰ ਲਗਭਗ 6,000 ਕਰਮਚਾਰੀਆਂ ਨੇ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ, ਜੋ ਉਨ੍ਹਾਂ ਨੂੰ ਘਾਟੀ ਤੋਂ ਬਾਹਰ ਲੈ ਲਿਜਾਣ ਦੀ ਮੰਗ ਕਰ ਰਹੇ ਹਨ।

 

 

ਕਸ਼ਮੀਰੀ ਪੰਡਤਾਂ ਦੀ ਸੁਰੱਖਿਆ 'ਤੇ ਚਰਚਾ


ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਹੋਈ ਉੱਚ ਪੱਧਰੀ ਬੈਠਕ 'ਚ ਘਾਟੀ 'ਚ ਰਹਿ ਰਹੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ 'ਤੇ ਚਰਚਾ ਕੀਤੀ ਗਈ ਸੀ। ਸ਼ਾਹ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਹ ਅਹਿਮ ਮੀਟਿੰਗ ਕਸ਼ਮੀਰ ਵਿੱਚ ਅੱਤਵਾਦੀ ਸੰਗਠਨਾਂ ਖਾਸ ਕਰਕੇ ਲਸ਼ਕਰ-ਏ-ਤੋਇਬਾ ਦੁਆਰਾ ਚੋਣਵੇਂ ਲੜੀਵਾਰ ਹੱਤਿਆਵਾਂ ਦੇ ਮੱਦੇਨਜ਼ਰ ਬੁਲਾਈ ਗਈ ਸੀ। ਮਰਨ ਵਾਲਿਆਂ ਵਿਚ ਗੈਰ-ਮੁਸਲਿਮ, ਸੁਰੱਖਿਆ ਕਰਮਚਾਰੀ, ਇਕ ਕਲਾਕਾਰ ਅਤੇ ਸਥਾਨਕ ਨਿਵਾਸੀ ਸ਼ਾਮਲ ਹਨ।

 

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਫੌਜ ਮੁਖੀ ਮਨੋਜ ਪਾਂਡੇ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਲੋਕਾਂ ਵਿੱਚ ਸ਼ਾਮਲ ਸਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਸ਼ਾਹ ਨੇ ਘਾਟੀ ਵਿਚ ਰਹਿ ਰਹੇ ਕਸ਼ਮੀਰੀ ਪੰਡਤਾਂ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਜੰਮੂ-ਕਸ਼ਮੀਰ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਆਉਣ ਵਾਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦਾ ਵਿਸ਼ਾ ਵੀ ਉਠਿਆ।