Jammu Kashmir Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀਨਗਰ ਪਹੁੰਚੇ। ਇਸ ਤੋਂ ਬਾਅਦ ਉਹ ਹਮਲੇ ਵਾਲੀ ਥਾਂ 'ਤੇ ਵੀ ਗਏ। ਦੂਜੇ ਪਾਸੇ, ਦਿੱਲੀ ਵਿੱਚ ਰੱਖਿਆ ਮੰਤਰਾਲੇ ਦੀ ਇੱਕ ਹਾਈ ਲੈਵਲ ਮੀਟਿੰਗ ਚੱਲ ਰਹੀ ਹੈ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹਨ। ਹੁਣ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪਹਿਲਗਾਮ ਹਮਲੇ ਤੋਂ ਬਾਅਦ, ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦੇ ਸਕੈੱਚ ਵੀ ਸਾਹਮਣੇ ਆਏ ਹਨ। ਜੰਮੂ-ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਤਿੰਨ ਸਕੈੱਚ ਜਾਰੀ ਕੀਤੇ। ਹਮਲੇ ਵਿੱਚ ਸ਼ਾਮਲ ਸ਼ੱਕੀ ਅੱਤਵਾਦੀਆਂ ਦੇ ਨਾਮ ਵੀ ਸਾਹਮਣੇ ਆਏ ਹਨ। ਇਸ ਲਿਸਟ ਵਿੱਚ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਦੇ ਨਾਮ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਕੁਝ ਸਥਾਨਕ ਲੋਕਾਂ ਨੇ ਵੀ ਅੱਤਵਾਦੀਆਂ ਦੀ ਮਦਦ ਕੀਤੀ ਹੈ। ਭਾਰਤੀ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸਾਰਿਆਂ ਦੀ ਭਾਲ ਜਾਰੀ ਹੈ।

ਭਾਰਤੀ ਫੌਜ ਨੂੰ ਹਾਈ ਅਲਰਟ 'ਤੇ ਰਹਿਣ ਦੇ ਦਿੱਤੇ ਗਏ ਨਿਰਦੇਸ਼

ਰਿਪੋਰਟਾਂ ਅਨੁਸਾਰ, ਹਮਲੇ ਵਾਲੀ ਥਾਂ 'ਤੇ ਅੱਤਵਾਦੀ ਲਗਭਗ 40 ਮਿੰਟ ਤੱਕ ਮੌਜੂਦ ਰਹੇ। ਇਨ੍ਹਾਂ ਲੋਕਾਂ ਨੇ ਹਮਲੇ ਦੀ ਯੋਜਨਾ ਪਹਿਲਾਂ ਹੀ ਬਣਾ ਹੋਈ ਸੀ ਅਤੇ ਉਨ੍ਹਾਂ ਨੇ ਭੱਜਣ ਦਾ ਰਸਤਾ ਵੀ ਤੈਅ ਕੀਤਾ ਹੋਇਆ ਸੀ। ਇਹ ਅੱਤਵਾਦੀ ਪਹਿਲਾਂ ਪੀਰ ਪੰਜਾਲ ਦੀਆਂ ਪਹਾੜੀਆਂ 'ਤੇ ਪਹੁੰਚੇ ਅਤੇ ਫਿਰ ਅੱਗੇ ਵਧੇ। ਹਮਲੇ ਤੋਂ ਬਾਅਦ, ਭਾਰਤੀ ਫੌਜ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਲ ਸੈਨਾ ਅਤੇ ਹਵਾਈ ਸੈਨਾ ਵੀ ਹਾਈ ਅਲਰਟ 'ਤੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਤੋਂ ਵਾਪਸੀ ਦਾ ਰਸਤਾ ਬਦਲਿਆ -

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਸਾਊਦੀ ਅਰਬ ਦੇ ਦੌਰੇ ਲਈ ਰਵਾਨਾ ਹੋਏ। ਉਨ੍ਹਾਂ ਦੇ ਜਾਣ ਤੋਂ ਬਾਅਦ, ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ। ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਦੌਰਾ ਵਿਚਕਾਰ ਹੀ ਛੱਡ ਕੇ ਵਾਪਸ ਪਰਤਣਾ ਪਿਆ। ਇਸ ਦੌਰਾਨ ਮਹੱਤਵਪੂਰਨ ਗੱਲ ਇਹ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਰਸਤਾ ਬਦਲ ਦਿੱਤਾ ਗਿਆ ਸੀ। ਉਹ ਉਸ ਹਵਾਈ ਰਸਤੇ ਤੋਂ ਵਾਪਸ ਨਹੀਂ ਆਏ, ਜਿਸ ਰਾਹੀਂ ਉਹ ਗਏ ਸੀ। ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ ਵਾਪਸ ਆਉਂਦੇ ਸਮੇਂ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਨਹੀਂ ਆਏ। ਪਰ ਜਾਂਦੇ ਸਮੇਂ, ਉਹ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਹੀ ਗਏ ਸਨ।