Jammu Kashmir two Terrorist attack one in Maisuma Lal Chowk Srinagar and other in Pulwama
Terrorist Attack: ਜੰਮੂ-ਕਸ਼ਮੀਰ 'ਚ ਕੁਝ ਹੀ ਘੰਟਿਆਂ 'ਚ ਦੋ ਅੱਤਵਾਦੀ ਹਮਲੇ ਹੋਏ, ਜਿਸ ਕਾਰਨ ਘਾਟੀ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਪਹਿਲਾ ਹਮਲਾ ਸ਼੍ਰੀਨਗਰ ਦੇ ਲਾਲ ਚੌਕ ਦੇ ਮੈਸੂਮਾ ਇਲਾਕੇ 'ਚ ਹੋਇਆ, ਜਿੱਥੇ ਅੱਤਵਾਦੀਆਂ ਨੇ ਸੀਆਰਪੀਐੱਫ ਦੇ ਦੋ ਜਵਾਨਾਂ ਨੂੰ ਗੋਲੀ ਮਾਰ ਦਿੱਤੀ। ਜਵਾਨਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਇੱਕ ਜਵਾਨ ਸ਼ਹਿਦ ਹੋ ਗਿਆ। ਇਲਾਕੇ 'ਚ ਅੱਤਵਾਦੀਆਂ ਦੀ ਘੇਰਾਬੰਦੀ ਕਰਨ ਲਈ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਅੱਤਵਾਦੀ ਹਮਲੇ ਵਿੱਚ ਸੀਆਰਪੀਐਫ ਦੇ ਦੋ ਜਵਾਨ ਵੀ ਜ਼ਖ਼ਮੀ ਹੋਏ ਹਨ।
ਇਸ ਦੇ ਨਾਲ ਹੀ ਇੱਕ ਹੋਰ ਹਮਲਾ ਪੁਲਵਾਮਾ ਦੇ ਲਾਜੁਰਾਹ ਪਿੰਡ ਵਿੱਚ ਹੋਇਆ ਹੈ। ਜਿੱਥੇ ਅੱਤਵਾਦੀਆਂ ਨੇ ਦੋ ਗੈਰ-ਕਸ਼ਮੀਰੀਆਂ 'ਤੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੋਵੇਂ ਜ਼ਖਮੀ ਨਾਗਰਿਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਅੱਤਵਾਦੀ ਹਮਲੇ 'ਤੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਕਿਹਾ ਕਿ ਮੈਂ ਡਿਊਟੀ ਦੌਰਾਨ ਸ਼ਹੀਦ ਹੋਏ ਸੀਆਰਪੀਐਫ ਜਵਾਨ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜ਼ਖ਼ਮੀ ਜਵਾਨ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਅਰਦਾਸ ਕਰਦੇ ਹਾਂ।
ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਇੱਕ ਪਿੰਡ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਅਤੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਜ਼ਬਤ ਕੀਤਾ। ਰੱਖਿਆ ਬੁਲਾਰੇ ਨੇ ਕਿਹਾ ਕਿ ਚੌਕਸ ਸੁਰੱਖਿਆ ਬਲਾਂ ਵਲੋਂ ਸਮੇਂ ਸਿਰ ਹਥਿਆਰਾਂ ਦੀ ਖੇਪ ਦੀ ਬਰਾਮਦਗੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀ ਪ੍ਰਕਿਰਿਆ ਨੂੰ ਭੰਗ ਕਰਨ ਦੇ "ਦੁਸ਼ਮਣ ਦੇ ਨਾਪਾਕ ਮਨਸੂਬਿਆਂ" ਨੂੰ ਨਾਕਾਮ ਕਰ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਹਵੇਲੀ ਤਹਿਸੀਲ ਦੇ ਨੂਰਕੋਟ ਪਿੰਡ 'ਚ ਫੌਜ ਅਤੇ ਪੁਲਿਸ ਦੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਲੁਕੇ ਹੋਏ ਟਿਕਾਣੇ ਦਾ ਪਤਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਹਥਿਆਰਾਂ ਵਿੱਚ ਦੋ ਏਕੇ-47 ਰਾਈਫਲਾਂ ਸਮੇਤ ਦੋ ਮੈਗਜ਼ੀਨਾਂ ਅਤੇ 63 ਰਾਉਂਡ, ਇੱਕ 223 ਬੋਰ ਦੀ ਏਕੇ ਆਕਾਰ ਦੀ ਬੰਦੂਕ, ਇਸ ਦੇ ਦੋ ਮੈਗਜ਼ੀਨ ਅਤੇ 20 ਰਾਉਂਡ ਅਤੇ ਇੱਕ ਚੀਨੀ ਪਿਸਤੌਲ ਸ਼ਾਮਲ ਹੈ।
ਪਾਕਿਸਤਾਨ ਦਾ ਨਾਂ ਲਏ ਬਗੈਰ ਬੁਲਾਰੇ ਨੇ ਕਿਹਾ, ''ਜੰਮੂ-ਕਸ਼ਮੀਰ 'ਚ ਸ਼ਾਂਤੀ ਪ੍ਰਕਿਰਿਆ ਨੂੰ ਭੰਗ ਕਰਨ ਦੇ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਨੂੰ ਚੌਕਸ ਸੁਰੱਖਿਆ ਬਲਾਂ ਨੇ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ।'' ਸ਼ਾਮ ਨੂੰ ਇੱਕ ਮੁਹਿੰਮ ਚਲਾਈ ਗਈ, ਹਾਲਾਂਕਿ ਇਸ ਦੌਰਾਨ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੰਸਦ 'ਚ ਅਮਿਤ ਸ਼ਾਹ ਨੇ ਕਿਹਾ- ਮੈਂ ਕਦੇ ਕਿਸੇ ਨੂੰ ਨਹੀਂ ਡਾਂਟਦਾ, ਗੁੱਸਾ ਵੀ ਨਹੀਂ ਕਰਦਾ...