ਜੇਡੀਐਸ ਆਗੂ ਅਤੇ ਹਸਨ ਲੋਕ ਸਭਾ ਸੀਟ ਤੋਂ ਐਨਡੀਏ ਉਮੀਦਵਾਰ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਾਤਕਾਰ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਰੇਵੰਨਾ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਨੇ ਜੇਡੀਐਸ ਵਰਕਰ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਹੈ।


ਆਪਣੀ ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਪ੍ਰਜਵਲ ਨੇ ਬੰਦੂਕ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਮੋਬਾਈਲ ਫੋਨ 'ਤੇ ਵੀਡੀਓ ਵੀ ਬਣਾਈ। ਉਸ ਨੇ ਦੱਸਿਆ ਕਿ ਪ੍ਰਜਵਲ ਉਸ ਨੂੰ ਐਮਪੀ ਕੁਆਰਟਰ ਲੈ ਗਿਆ, ਜਿੱਥੇ ਉਸ ਨੇ ਬੰਦੂਕ ਦੀ ਨੋਕ 'ਤੇ ਇਹ ਕੁਕਰਮ ਕੀਤਾ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।


ਔਰਤ ਨੇ ਅੱਗੇ ਦੱਸਿਆ ਕਿ ਪ੍ਰਜਵਲ ਨੇ ਉਸ ਨੂੰ ਬਲੈਕਮੇਲ ਕਰਕੇ ਵਾਰ-ਵਾਰ ਅਜਿਹਾ ਕੀਤਾ ਤੇ ਧਮਕੀ ਦਿੱਤੀ ਕਿ ਜੇ ਉਸ ਨੇ ਸਹਿਯੋਗ ਨਾ ਦਿੱਤਾ ਤਾਂ ਉਹ ਉਸ ਦੀ ਵੀਡੀਓ ਜਨਤਕ ਕਰ ਦੇਵੇਗਾ। ਪ੍ਰਜਵਲ 'ਤੇ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ।


ਕਰਨਾਟਕ ਰਾਜ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲ ਹੀ ਦੇ ਸਮੇਂ 'ਚ ਇਸ 33 ਸਾਲਾ ਸਾਂਸਦ 'ਤੇ ਕਈ ਔਰਤਾਂ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ ਅਤੇ ਇਸ ਦੀਆਂ ਕਈ ਅਸ਼ਲੀਲ ਵੀਡੀਓ ਕਲਿੱਪ ਵੀ ਸਾਹਮਣੇ ਆਈਆਂ ਹਨ। 


ਦੂਜੇ ਪਾਸੇ ਰਾਹੁਲ ਗਾਂਧੀ ਨੇ ਕਰਨਾਟਕ ਦੇ ਸੀਐਮ ਸਿੱਧਰਮਈਆ ਨੂੰ ਪੱਤਰ ਲਿਖ ਕੇ ਰੇਵੰਨਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਪੀਐਮ ਮੋਦੀ ਅਤੇ ਅਮਿਤ ਸ਼ਾਹ 'ਤੇ ਵੀ ਨਿਸ਼ਾਨਾ ਸਾਧਿਆ। ਰਾਹੁਲ ਨੇ ਦਾਅਵਾ ਕੀਤਾ ਕਿ ਅਮਿਤ ਸ਼ਾਹ ਨੂੰ ਦਸੰਬਰ ਤੋਂ ਹੀ ਇਸ ਮਾਮਲੇ ਦੀ ਜਾਣਕਾਰੀ ਸੀ।


ਪ੍ਰਜਵਲ ਹਸਨ ਲੋਕ ਸਭਾ ਸੀਟ ਤੋਂ ਭਾਜਪਾ-ਜੇਡੀ(ਐਸ) ਗਠਜੋੜ ਦੇ ਉਮੀਦਵਾਰ ਹਨ, ਜਿੱਥੇ 26 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਜਿਸ ਤੋਂ ਬਾਅਦ ਉਹ ਡਿਪਲੋਮੈਟਿਕ ਪਾਸਪੋਰਟ 'ਤੇ ਦੇਸ਼ ਛੱਡ ਗਿਆ। ਜੇਡੀ(ਐਸ) ਸਤੰਬਰ 2023 ਵਿੱਚ ਐਨਡੀਏ ਵਿੱਚ ਸ਼ਾਮਲ ਹੋਇਆ। ਮਾਮਲਾ ਵਧਦਾ ਦੇਖ ਕੇ ਜੇਡੀ(ਐਸ) ਲੀਡਰਸ਼ਿਪ ਨੇ ਜਾਂਚ ਪੂਰੀ ਹੋਣ ਤੱਕ ਪ੍ਰਜਵਲ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।