ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ ਦੇ ਰਾਜਪਾਲ ਬਦਲ ਦਿੱਤੇ ਗਏ ਹਨ। ਇਸ ਸਬੰਧੀ ਰਾਸ਼ਟਰਪਤੀ ਭਵਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਕਲਰਾਜ ਮਿਸ਼ਰਾ ਨੂੰ ਹੁਣ ਟਰਾਂਸਫਰ ਕਰਕੇ ਰਾਜਸਥਾਨ ਦੇ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਕਲਰਾਜ ਮਿਸ਼ਰਾ ਦੀ ਜਗ੍ਹਾ ਹੁਣ ਬੰਡਾਰੂ ਦੱਤਾਤ੍ਰੇਯ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਹੋਣਗੇ।


ਇਸ ਦੇ ਨਾਲ ਹੀ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਯਾਰੀ ਨੂੰ ਮਹਾਰਾਸ਼ਟਰ ਦੇ ਨਵੇਂ ਰਾਜਪਾਲ ਬਣਾਇਆ ਗਿਆ ਹੈ। ਆਰਿਫ ਮੁਹੰਮਦ ਖਾਨ ਹੁਣ ਕੇਰਲ ਵਿੱਚ ਰਾਜਪਾਲ ਦੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਡਾਕਟਰ ਤਾਮਿਲਿਸਾਈ ਸੁੰਦਰਰਾਜਨ ਨੂੰ ਤੇਲੰਗਾਨਾ ਦੇ ਨਵੇਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।




ਐਤਵਾਰ ਨੂੰ ਰਾਸ਼ਟਰਪਤੀ ਭਵਨ ਦਫ਼ਤਰ ਤੋਂ ਜਾਰੀ ਇੱਕ ਬਿਆਨ ਮੁਤਾਬਕ ਇਹ ਸਾਰੀਆਂ ਨਿਯੁਕਤੀਆਂ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਲਾਗੂ ਹੋਣਗੀਆਂ। ਦੱਸ ਦਈਏ ਇਸ ਸਮੇਂ ਸੀ ਵਿਦਿਆਸਾਗਰ ਰਾਓ ਮਹਾਰਾਸ਼ਟਰ ਦੇ ਰਾਜਪਾਲ ਹਨ। ਉਨ੍ਹਾਂ ਆਪਣਾ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਯਾਦ ਰਹੇ ਕੁਝ ਦਿਨ ਪਹਿਲਾਂ ਵੀ ਕੁਝ ਸੂਬਿਆਂ ਦੇ ਰਾਜਪਾਲ ਬਦਲੇ ਗਏ ਸਨ।