ਕਪੂਰਥਲਾ: ਅਕਸਰ ਵਿਵਾਦਾਂ 'ਚ ਰਹਿਣ ਵਾਲੀ ਧਰਮ ਗੁਰੂ ਰਾਧੇ ਮਾਂ ਉਰਫ ਬੱਬੂ ਨੂੰ ਕਪੂਰਥਲਾ ਅਦਾਲਤ ਨੇ ਮਾਣਹਾਨੀ ਦੇ ਕੇਸ 'ਚ ਸੰਮਨ ਕੀਤਾ ਹੈ। ਰਾਧੇ ਮਾਂ ਨੂੰ ਕੋਰਟ 'ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਦਰਅਸਲ ਫਗਵਾੜਾ ਦੇ ਰਹਿਣ ਵਾਲੇ ਸਮਾਜ ਸੇਵੀ ਸੁਰਿੰਦਰ ਮਿੱਤਲ ਨੇ ਸਾਲ 2015 'ਚ ਰਾਧੇ ਮਾਂ ਦੀਆਂ ਕੁਝ ਆਡੀਓ ਕਲੀਪਿੰਗਜ਼ ਜਾਰੀ ਕੀਤੀਆਂ ਸਨ। ਮਿੱਤਲ ਨੇ ਦਾਅਵਾ ਕੀਤਾ ਸੀ ਕਿ ਰਾਧੇ ਮਾਂ ਫੋਨ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਗੱਲ ਨਾ ਮੰਨਣ 'ਤੇ ਭਸਮ ਕਰਨ ਦੀ ਧਮਕੀ ਦਿੰਦੀ ਹੈ। ਇਸ ਤੋਂ ਬਾਅਦ ਇੱਕ ਅਖਬਾਰ 'ਚ ਰਾਧੇ ਮਾਂ ਨੇ ਬਿਆਨ ਦਿੱਤਾ ਸੀ ਕਿ ਸੁਰਿੰਦਰ ਮਿੱਤਲ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ। ਉਸ 'ਤੇ 40 ਤੋਂ ਵੱਧ ਪਰਚੇ ਦਰਜ ਹਨ। ਰਾਧੇ ਮਾਂ ਦੇ ਇਸ ਬਿਆਨ 'ਤੇ ਸੁਰਿੰਦਰ ਮਿੱਤਲ ਨੇ ਰਾਧੇ ਮਾਂ 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ।