ਚੰਡੀਗੜ੍ਹ: ਬੀਤੀ ਸ਼ਾਮ ਕਰਨਾਲ ਵਿੱਚ ਕਰਵਾਏ CWE ਰੈਸਲਿੰਗ ਮੈਚ ਵਿੱਚ ਲੋਕਾਂ ਦਾ ਰਿਕਾਰਡ ਤੋੜ ਹਜੂਮ ਵੇਖਿਆ ਗਿਆ। ਦਰਅਸਲ ਕੱਲ੍ਹ ਦੇ ਮੈਚ ਦੌਰਾਨ ਰਾਖੀ ਸਾਵੰਤ, ਸਪਨਾ ਚੌਧਰੀ, ਅਰਸ਼ੀ ਖ਼ਾਨ ਤੇ ਪੰਜਾਬੀ ਗਾਇਕ ਖ਼ਾਨ ਸਾਹਬ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ ਦ ਗਰੇਟ ਖਲੀ ਨੇ ਐਲਾਨ ਕੀਤਾ ਕਿ ਪੂਰੇ ਭਾਰਤ ਵਿੱਚ CWE ਦੇ ਮੁਕਾਬਲੇ ਕਰਵਾਏ ਜਾਣਗੇ। ਕੱਲ੍ਹ ਦੇ ਮੁਕਾਬਲੇ ਵਿੱਚ ਵਿਦੇਸ਼ੀ ਰੈਸਲਰਾਂ ਦਾ ਭੇੜ ਕਰਵਾਇਆ ਗਿਆ।

ਇਸੇ ਦੌਰਾਨ ਸਪਨਾ ਚੌਧਰੀ ਦੇ ਸਟੇਜ ’ਤੇ ਆਉਂਦਿਆਂ ਹੀ ਲੋਕਾਂ ਦੀ ਭੀੜ ਉਮੜ ਆਈ। ਮੀਡੀਆ ਨਾਲ ਗੱਲਬਾਤ ਦੌਰਾਨ ਦ ਗਰੇਟ ਖਲੀ ਨੇ ਐਲਾਨ ਕੀਤਾ ਕਿ ਅਜਿਹੇ ਮੈਚ ਪੂਰੇ ਭਾਰਤ ਵਿੱਚ ਕਰਵਾਏ ਜਾਣਗੇ। ਅੰਬਾਲਾ ਤੇ ਪੰਚਕੁਲਾ ਬਾਅਦ ਕੱਲ੍ਹ ਕਰਨਾਲ ਵਿੱਚ ਰੈਸਲਿੰਗ ਦੇ ਮੁਕਾਬਲੇ ਕਰਵਾਏ ਗਏ। ਆਖ਼ਰੀ ਮੈਚ ਨੰਗਲ (ਪੰਜਾਬ) ਵਿੱਚ ਕਰਵਾਇਆ ਗਿਆ ਸੀ।

ਇਸੇ ਦੌਰਾਨ ਮੀਡੀਆ ਦੇ ਕੈਮਰਿਆਂ ਸਾਹਮਣੇ ਰਾਖੀ ਸਾਵੰਤ ਨੇ ਆਪਣਾ ਗੁੱਸਾ ਵਿਖਾਇਆ। ਉਸਨੇ ਕਿਹਾ ਕਿ ਉਹ ਰੇਬਲ ਨੂੰ ਨਹੀਂ ਛੱਡੇਗੀ। ਹਾਲਾਂਕਿ ਰੇਬਲ ਨਾਲ ਮੁਕਾਬਲਾ ਨਹੀਂ ਹੋ ਸਕਿਆ। ਰਾਖੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਰੇਬਲ ਨੂੰ ਰਿੰਗ ਵਿੱਚ ਟੱਕਰ ਦਏਗੀ ਪਰ ਬਾਅਦ ਵਿੱਚ ਕੁਝ ਕਾਰਨਾਂ ਕਰਕੇ ਉਨ੍ਹਾਂ ਦਾ ਮੈਚ ਨਹੀਂ ਹੋ ਸਕਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਸਪਨਾ ਚੌਧਰੀ ਨੇ ਵੀ ਦਰਸ਼ਕਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਲੋਕਾਂ ਦਾ ਏਨਾ ਪਿਆਰ ਵੇਖ ਕੇ ਬੇਹੱਦ ਖ਼ੁਸ਼ੀ ਹੋ ਰਹੀ ਹੈ। ਇਸੇ ਮੌਕੇ ਬਿਹਾਰ ਵਿੱਚ ਸ਼ੋਅ ਦੌਰਾਨ ਮੱਚੀ ਭਗਦੜ ਸਬੰਧੀ ਸਪਨਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਕਿਸੇ ਨੂੰ ਕੋਈ ਨਕਸਾਨ ਨਹੀਂ ਪੁੱਜਾ।