Karnataka New CM Face : ਕਰਨਾਟਕ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਐਲਾਨ ਮੰਗਲਵਾਰ (16 ਮਈ) ਸ਼ਾਮ ਨੂੰ ਕੀਤਾ ਜਾ ਸਕਦਾ ਹੈ। ਕਰਨਾਟਕ 'ਚ ਮੁੱਖ ਮੰਤਰੀ ਕੌਣ ਬਣੇਗਾ, ਇਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੈਅ ਕਰਨਾ ਹੈ। ਕਰਨਾਟਕ ਪ੍ਰਦੇਸ਼ ਕਾਂਗਰਸ ਪ੍ਰਧਾਨ ਬੈਂਗਲੁਰੂ ਤੋਂ ਦਿੱਲੀ ਆ ਰਹੇ ਹਨ। ਉਹ ਇੱਥੇ ਹਾਈ ਕਮਾਂਡ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਸਿੱਧਰਮਈਆ ਨੂੰ ਸੀਐਮ ਦੀ ਕਮਾਨ ਮਿਲ ਸਕਦੀ ਹੈ। ਸਿੱਧਰਮਈਆ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।


ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਨੇ ਕਰਨਾਟਕ 'ਚ ਸਰਕਾਰ ਬਣਾਉਣ ਦਾ ਫਾਰਮੂਲਾ ਤੈਅ ਕਰ ਲਿਆ ਹੈ। ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਮੁਤਾਬਕ ਸਿੱਧਰਮਈਆ ਨੂੰ ਇਕ ਵਾਰ ਫਿਰ ਤੋਂ ਮੁੱਖ ਮੰਤਰੀ ਬਣਾਇਆ ਜਾਵੇਗਾ। ਡੀਕੇ ਸ਼ਿਵਕੁਮਾਰ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਡੀਕੇ ਕੋਲ ਸੂਬੇ ਵਿੱਚ ਪਾਰਟੀ ਦੀ ਕਮਾਨ ਵੀ ਹੋਵੇਗੀ, ਯਾਨੀ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਹੋਣਗੇ। ਹਾਲਾਂਕਿ ਇਸ 'ਤੇ ਮਲਿਕਾਰਜੁਨ ਖੜਗੇ ਨੇ ਫੈਸਲਾ ਲੈਣਾ ਹੈ।


ਸਿੱਧਰਮਈਆ ਦਾ ਦਾਅਵਾ ਮਜ਼ਬੂਤ 

ਕਾਂਗਰਸ ਵੱਲੋਂ ਅਜੇ ਅਧਿਕਾਰਤ ਐਲਾਨ ਕੀਤਾ ਜਾਣਾ ਬਾਕੀ ਹੈ ਪਰ ਇਹ ਲਗਭਗ ਤੈਅ ਹੈ ਕਿ ਸਿੱਧਰਮਈਆ ਸੂਬੇ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਸਿੱਧਰਮਈਆ ਦਾ ਦਾਅਵਾ ਡੀ ਕੇ ਸ਼ਿਵਕੁਮਾਰ ਦੇ ਮੁਕਾਬਲੇ ਮਜ਼ਬੂਤ ​​ਦੱਸਿਆ ਜਾ ਰਿਹਾ ਹੈ। ਉਹ ਸੋਮਵਾਰ ਨੂੰ ਹੀ ਇੱਕ ਦਿਨ ਪਹਿਲਾਂ ਦਿੱਲੀ ਪਹੁੰਚ ਗਏ ਹਨ।

ਇਸ ਤੋਂ ਪਹਿਲਾਂ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ (ਸੀ.ਐੱਲ.ਪੀ.) ਦੀ ਬੈਠਕ 'ਚ ਕਾਂਗਰਸ ਦੇ ਕੇਂਦਰੀ ਅਬਜ਼ਰਵਰਾਂ ਨੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਉਨ੍ਹਾਂ ਦੀ ਰਾਏ ਮੰਗੀ ਸੀ। ਇਸ ਸਬੰਧੀ ਵਿਧਾਇਕਾਂ ਨਾਲ ਅਲੱਗ -ਅਲੱਗ ਗੱਲਬਾਤ ਕੀਤੀ ਗਈ। ਇਸ ਦੇ ਨਾਲ ਹੀ ਵਿਧਾਇਕਾਂ ਤੋਂ ਗੁਪਤ ਵੋਟਿੰਗ ਕਰਵਾਈ ਗਈ।

ਸੋਮਵਾਰ ਨੂੰ ਤਿੰਨੇ ਕੇਂਦਰੀ ਅਬਜ਼ਰਵਰ ਵਿਧਾਇਕਾਂ ਦੀਆਂ ਗੁਪਤ ਪਰਚੀਆਂ ਲੈ ਕੇ ਨਵੀਂ ਦਿੱਲੀ ਪੁੱਜੇ ਅਤੇ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੂੰ ਵਿਧਾਇਕਾਂ ਦੀ ਰਾਏ ਤੋਂ ਜਾਣੂ ਕਰਵਾਇਆ। ਕਾਂਗਰਸ ਸੂਤਰਾਂ ਅਨੁਸਾਰ ਸਿਧਾਰਮਈਆ ਨੂੰ ਸ਼ਿਵਕੁਮਾਰ ਤੋਂ ਦੁੱਗਣੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਸਿਰਫ਼ ਸਿੱਧਰਮਈਆ ਹੀ ਮੁੜ ਮੁੱਖ ਮੰਤਰੀ ਬਣ ਸਕਦੇ ਹਨ।