ਚੰਡੀਗੜ੍ਹ: ਦੀਨਾਨਗਰ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਕਸ਼ਮੀਰੀ ਵਿਦਿਆਰਥੀ ਵੱਲੋਂ ਭਾਰਤੀ ਝੰਡੇ ਦਾ ਅਪਮਾਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਨੇ ਤਿਰੰਗੇ ਨੂੰ ਪਾੜ ਕੇ ਬਾਥਰੂਮ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ।

ਘਟਨਾ ਬਾਅਦ ਭੜਕੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਕੋਲ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਲਜ ਤੋਂ ਬਾਹਰ ਕਰਨ ਤੇ ਉਨ੍ਹਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਾਉਣ ਦੀ ਮੰਗ ਕੀਤੀ। ਮਾਹੌਲ ਵਿਗੜਦਾ ਵੇਖ ਕਾਲਜ ਵਿੱਚ ਵੱਡੀ ਗਿਣਤੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।

ਘਟਨਾ ਸਬੰਧੀ ਕਾਲਜ ਦੇ ਵਿਦਿਆਰਥੀਆਂ ਨੇ ਕਸ਼ਮੀਰੀ ਵਿਦਿਆਰਥੀ ਉੱਤੇ ਇਲਜ਼ਾਮ ਲਾਉਂਦਿਆਂ ਦੱਸਿਆ ਕਿ ਪੁਲਵਾਮਾ ਵਿੱਚ ਸੀਆਰਪੀਐਫ ਉੱਤੇ ਹੋਏ ਫਿਦਾਈਨ ਹਮਲੇ ਵਿੱਚ ਭਾਰਤੀ ਜਵਾਨ ਸ਼ਹੀਦ ਹੋਣ ਬਾਅਦ ਕਾਲਜ ਹੋਸਟਲ ਦੇ ਸਾਰੇ ਕਮਰਿਆਂ ਬਾਹਰ ਭਾਰਤ ਦੇ ਝੰਡੇ ਲਾਏ ਗਏ ਸੀ। ਹੌਸਟਲ ਵਿੱਚ ਰਹਿੰਦੇ ਇੱਕ ਕਸ਼ਮੀਰੀ ਵਿਦਿਆਰਥੀ ਨੇ ਝੰਡਾ ਪਾੜ ਕੇ ਬਾਥਰੂਮ ਵਿੱਚ ਸੁੱਟ ਦਿੱਤਾ।



ਦੱਸਿਆ ਜਾਂਦਾ ਹੈ ਕਿ ਵਿਦਿਆਰਥੀ ਨੇ ਆਪਣੀ ਫੇਸਬੁਕ ਆਈਡੀ ਉੱਤੇ ਵੀ ਪਾਕਿਸਤਾਨੀ ਅੱਤਵਾਦੀਆਂ ਦੀ ਪੋਸਟ ਲਾਈ ਸੀ। ਇੱਕ ਪੋਸਟ ਵਿੱਚ ਭਾਰਤੀ ਝੰਡੇ ਦੀ ਬੇਅਦਬੀ ਵੀ ਕੀਤੀ ਗਈ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਪ੍ਰਬੰਧਣ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।