ਨਵੀਂ ਦਿੱਲੀ: ਆਖਰ ਮੋਦੀ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਤੋਂ ਦੂਰ ਕਿਉਂ ਰੱਖ ਰਹੀ ਹੈ। ਮੇਲਾਨੀਆ ਦਿੱਲੀ ਦੇ ਸਰਕਾਰੀ ਸਕੂਲ ਵਿੱਚ ‘ਹੈਪੀਨੈੱਸ ਕਲਾਸ’ ਦੇਖੇਦੀ ਪਰ ਕੇਜਰੀਵਾਲ ਤੇ ਸਿਸੋਦੀਆਂ ਉਨ੍ਹਾਂ ਨਾਲ ਨਹੀਂ ਮਿਲ ਸਕਣਗੇ।


ਦਰਅਸਲ ਪਹਿਲਾਂ ਇਸ ਪ੍ਰਗੋਰਾਮ ਦੇ ਮਹਿਮਾਨਾਂ ਦੀ ਸੂਚੀ ਵਿੱਚ ਕੇਜਰੀਵਾਲ ਤੇ ਸਿਸੋਦੀਆ ਦਾ ਨਾਂ ਸ਼ਾਮਲ ਸੀ। ਅਚਾਨਕ ਸ਼ਨੀਵਾਰ ਨੂੰ ਦੋਵਾਂ ਲੀਡਰਾਂ ਦਾ ਨਾਂ ਕੱਟ ਦਿੱਤਾ ਗਿਆ। ਇਸ ਮਗਰੋਂ ਸਿਆਸਤ ਵੀ ਗਰਮਾ ਗਈ ਹੈ। ਇਸ ਤੱਥ ਦਾ ਪਤਾ ਲੱਗਣ ਮਗਰੋਂ ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਜਿਹੀ ਕਾਰਵਾਈ ਲੋਕਤੰਤਰ ਲਈ ਠੀਕ ਨਹੀਂ।

ਰਾਸ਼ਟਰਪਤੀ ਭਵਨ ਵਿੱਚ ਖਾਣੇ ਤੇ ਪ੍ਰਧਾਨ ਮੰਤਰੀ ਦੇ ਸਮਾਗਮ ਵਿੱਚ ਵਿਰੋਧੀ ਧਿਰਾਂ ਨੂੰ ਸੱਦਾ ਨਾ ਦੇਣਾ, ਭਾਵੇਂ ਇਹ ਛੋਟੀ ਗੱਲ ਲੱਗ ਸਕਦੀ ਹੈ ਪਰ ਇਹ ਭਾਰਤ ਦੀ ਦਿੱਖ ਨੂੰ ਕਮਜ਼ੋਰ ਕਰਦੀ ਹੈ। ਇਸ ਮਗਰੋਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਫ਼ਾਈ ਦਿੱਤੀ ਕਿ ਜ਼ਰੂਰੀ ਮੌਕਿਆਂ ਉੱਪਰ ਅਜਿਹੀ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਇਸ ਸਬੰਧੀ ਕੀਤੇ ਗਏ ਟਵੀਟ ਤੋਂ ਸੂਬਾ ਸਰਕਾਰ ਦੀ ਨਾਰਾਜ਼ਗੀ ਝਲਕਦੀ ਹੈ। ਸਿਸੋਦੀਆ ਨੇ ਕਿਹਾ, ‘ਹੈਪੀਨੈੱਸ ਕਲਾਸ ਹਰ ਤਰ੍ਹਾਂ ਦੀ ਨਫ਼ਰਤ ਤੇ ਛੋਟੀ ਮਾਨਸਿਕਤਾ ਦਾ ਹੱਲ ਹੈ।’ ‘ਆਪ’ ਦੇ ਸੂਤਰਾਂ ਮੁਤਾਬਕ ਕੇਜਰੀਵਾਲ ਤੇ ਸਿਸੋਦੀਆ ਦੇ ਨਾਂ ਹਟਾਏ ਗਏ ਹਨ।

ਮੇਲਾਨੀਆ ਟਰੰਪ 25 ਫਰਵਰੀ ਨੂੰ ਦਿੱਲੀ ਦੇ ਸਰਕਾਰੀ ਸਕੂਲ ਵਿੱਚ ‘ਹੈਪੀਨੈੱਸ ਕਲਾਸ’ ਦੇਖਣ ਲਈ 12 ਵਜੇ ਪੁੱਜਣਗੇ ਤੇ ਉਹ ਕਰੀਬ ਇਕ ਘੰਟਾ ਉੱਥੇ ਰੁੱਕਣਗੇ। ਉਹ ਵਿਦਿਆਰਥੀਆਂ ਨਾਲ ਵੀ ਗੱਲ ਕਰੇਗੀ। ਸਕੂਲ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਦਿੱਲੀ ਸਰਕਾਰ ਵੱਲੋਂ ਹੈਪੀਨੈੱਸ ਜਮਾਤ 2018 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਜਮਾਤ ਵਿੱਚ ਵਿਦਿਆਰਥੀਆਂ ਨੂੰ ਹਰ ਸਮੇਂ ਉਤਸ਼ਾਹਿਤ ਰਹਿਣ ਤੇ ਖੁਸ਼ੀ ਦੇ ਪਲ ਮਾਨਣ ਲਈ ਲਈ ਪ੍ਰੇਰਿਆ ਜਾਂਦਾ ਹੈ।

ਇਸੇ ਦੌਰਾਨ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ‘ਆਪ’ ਦੀ ਕੌਮੀ ਕਾਰਜਕਾਰੀ ਮੈਂਬਰ ਪ੍ਰੀਤੀ ਸ਼ਰਮਾ ਮੈਨਨ ਨੇ ਟਵੀਟ ਕਰਦਿਆਂ ਕਿਹਾ: “ਨਰਿੰਦਰ ਮੋਦੀ ਦੀ ਛੋਟੀ ਸੋਚ ਦਾ ਕੋਈ ਮੇਲ ਨਹੀਂ ਹੈ। ਹੋ ਸਕਦਾ ਹੈ ਕਿ ਤੁਸੀਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਨੂੰ ਨਾ ਬੁਲਾਓ ਪਰ ਉਨ੍ਹਾਂ ਦਾ ਕੰਮ ਉਨ੍ਹਾਂ ਲਈ ਬੋਲਦਾ ਹੈ।’