Arvind Kejriwal: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵਿਚਾਲੇ ਖਿੱਚੋਤਾਣ ਜਾਰੀ ਹੈ। ਕੇਜਰੀਵਾਲ ਜਿੱਤੇ ਸਕਸੈਨਾ ਉੱਪਰ ਤਿੱਖੇ ਹਮਲੇ ਕਰਦੇ ਹਨ, ਉੱਥੇ ਵਿਅੰਗ ਵੀ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ ਅਜਿਹਾ ਟਵੀਟ ਕੀਤਾ ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਜਿੰਨੀ ‘ਡਾਂਟ’ ਉਪ ਰਾਜਪਾਲ ਹੋਰੀਂ ਮਾਰਦੇ ਹਨ, ਓਨੀ ਤਾਂ ਕਦੇ ਉਨ੍ਹਾਂ ਦੀ ਆਪਣੀ ਪਤਨੀ ਨੇ ਨਹੀਂ ਮਾਰੀ। ਕੇਜਰੀਵਾਲ ਨੇ ਉਪ ਰਾਜਪਾਲ ਨੂੰ ਕਿਹਾ ਕਿ ਉਹ ‘ਮੌਜ’ ਕਰਨ। 


 




‘ਆਪ’ ਸੁਪਰੀਮੋ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਇੰਨੇ ‘ਪ੍ਰੇਮ ਪੱਤਰ’ ਆਪਣੀ ਪਤਨੀ ਕੋਲੋਂ ਨਹੀਂ ਮਿਲੇ ਹੋਣਗੇ, ਜਿੰਨੇ ਉਪ ਰਾਜਪਾਲ ਨੇ ਮਹਿਜ਼ ਛੇ ਮਹੀਨਿਆਂ ਵਿੱਚ ਦੇ ਛੱਡੇ ਹਨ। ਕੇਜਰੀਵਾਲ ਨੇ ਹਿੰਦੀ ਵਿਚ ਕੀਤੇ ਟਵੀਟ ਵਿੱਚ ਕਿਹਾ, ‘‘ਐੱਲਜੀ ਸਾਹਿਬ, ਥੋੜ੍ਹੀ ਮੌਜ ਕਰੋ। ਤੇ ਆਪਣੇ ਸੁਪਰ ਬੌਸ ਨੂੰ ਵੀ ਕਹੋ, ਥੋੜ੍ਹਾ ਚਿਲ ਕਰਨ।’’ 


ਦੂਜੇ ਪਾਸੇ ਭਾਜਪਾ ਨੇ ‘ਇਹ ਬਚਗਾਨਾ ਭਾਸ਼ਾ’ ਵਰਤਣ ਲਈ ਕੇਜਰੀਵਾਲ ਨੂੰ ਭੰਡਿਆ ਹੈ। ਭਾਜਪਾ ਨੇ ਕਿਹਾ ਕਿ ਉਪ ਰਾਜਪਾਲ ਉਨ੍ਹਾਂ (ਕੇਜਰੀਵਾਲ) ਨੂੰ ਸਿੱਧੇ ਰਾਹ ਪੈਣ ਲਈ ਹੀ ਡਾਂਟਦੇ ਹਨ। ‘ਘੁਟਾਲੇ ਬੰਦ ਕਰੋ’ ਤੇ ਦੀਵਾਲੀ ਤੋਂ ਪਹਿਲਾਂ ਸੈਨੀਟੇਸ਼ਨ ਵਰਕਰਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰੋ। 


ਕੇਜਰੀਵਾਲ ਨੇ ਉਪਰੋਕਤ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਉਪ ਰਾਜਪਾਲ ਸਕਸੈਨਾ ਨੇ ਮੁੱਖ ਮੰਤਰੀ ਤੇ ‘ਆਪ’ ਮੰਤਰੀਆਂ ਨੂੰ ਲੰਘੇ ਦਿਨੀਂ ਪੱਤਰ ਲਿਖ ਕੇ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜਨਮ ਵਰ੍ਹੇਗੰਢ ਲਈ ਰੱਖੇ ਸਮਾਗਮਾਂ ’ਚੋਂ ਗ਼ੈਰਹਾਜ਼ਰ ਰਹਿਣ ਨੂੰ ‘ਵੱਡਾ ਅਨਾਦਰ’ ਦੱਸਿਆ ਸੀ। ਸਕਸੈਨਾ ਨੇ ਪਿਛਲੇ ਹਫ਼ਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਵਿਚ ਦੇਰੀ ਦੇ ਹਵਾਲੇ ਨਾਲ ਕੇਜਰੀਵਾਲ ਨੂੰ ਰੁੱਖਾਂ ਦੀ ਕਟਾਈ ਦਾ ਕੰਮ ਤੇਜ਼ ਕਰਨ ਲਈ ਵੀ ਪੱਤਰ ਲਿਖਿਆ ਸੀ।