ਚੰਡੀਗੜ੍ਹ: ਲੋਕ ਸਭਾ ਚੋਣਾਂ ਲਈ ਗੱਠਜੋੜ ਲਈ ਕਾਂਗਰਸ ਬੇਸ਼ੱਕ ਦੋਚਿੱਤੀ ਵਿੱਚ ਹੈ ਪਰ ਆਮ ਆਦਮੀ ਪਾਰਟੀ ਤਿਆਰ-ਬਰ ਤਿਆਰ ਹੈ। ਦਿੱਲੀ ਕਾਂਗਰਸ ਦੇ ਲੀਡਰਾਂ ਨੇ ਅੱਜ ਮੀਟਿੰਗ ਮਗਰੋਂ ਗੱਠਜੋੜ ਦੇ ਫੈਸਲੇ ਬਾਰੇ ਸਾਰੇ ਹੱਕ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਦੇ ਦਿੱਤੇ ਹਨ। ਉਧਰ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸਮਝੌਤਾ ਹੋਣ ਦੀ ਪੂਰੀ ਆਸ ਹੈ।


ਕੇਜਰੀਵਾਲ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਗੱਲਬਾਤ ਦਾ ਸੱਦਾ ਆਉਣ ਦਿਉ ਉਹ ਇਸ ਮੁੱਦੇ ’ਤੇ ਚਰਚਾ ਲਈ ਤਿਆਰ ਹਨ। ਤਾਜ਼ਾ ਸਰਵੇਖਣ ਮੁਤਾਬਕ ਦਿੱਲੀ ਵਿੱਚ ਕਾਂਗਰਸ ਨੂੰ ਤਾਂ ਹੀ ਲਾਹਾ ਮਿਲ ਸਕਦਾ ਹੈ ਜੇਕਰ ਉਹ ‘ਆਪ’ ਨਾਲ ਗੱਠਜੋੜ ਕਰਦੀ ਹੈ ਨਹੀਂ ਤਾਂ ਭਾਜਪਾ ਬਾਜ਼ੀ ਮਾਰ ਸਕਦੀ ਹੈ। ਇਸ ਸਰਵੇਖਣ ਮਗਰੋਂ ‘ਆਪ’ ਵੀ ਗੱਠਜੋੜ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ।

ਦਿਲਚਸਪ ਹੈ ਕਿ ‘ਆਪ’ ਨੇ ਸਾਰੀਆਂ ਸੱਤ ਲੋਕਾਂ ਸੀਟਾਂ ਲਈ ਉਮੀਦਵਾਰ ਵੀ ਐਲਾਨ ਦਿੱਤੇ ਹਨ। ਹੋਰ ਤਾਂ ਹੋਰ ‘ਆਪ’ ਦਿੱਲੀ ਦੇ ਕਨਵੀਨਰ ਗੋਪਾਲ ਰਾਇ ਕਹਿ ਚੁੱਕੇ ਹਨ ਕਿ ਹੁਣ ਕਾਂਗਰਸ ਨਾਲ ਚੋਣ ਸਮਝੌਤੇ ਦੀਆਂ ਸੰਭਾਵਨਾਵਾਂ ਘੱਟ ਹੀ ਹਨ। ਇਸ ਦੇ ਬਾਵਜੂਦ ਕੇਜਰੀਵਾਲ ਅਜੇ ਵੀ ਆਸਵੰਦ ਹਨ।

ਉਧਰ, ਦਿੱਲੀ ਦੀ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ‘ਆਪ’ ਨਾਲ ਹੱਥ ਮਿਲਾਉਣ ਦੇ ਸਖ਼ਤ ਖ਼ਿਲਾਫ਼ ਹੈ। ਅੱਜ ਗਠਜੋੜ ਬਾਰੇ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਬੈਠਕ ਹੋਈ ਪਰ ਬੇਸਿੱਟਾ ਰਹੀ। ਬੈਠਕ ਵਿੱਚ ਮੌਜੂਦ ਪੰਜ ਨੇਤਾਵਾਂ ਨੇ ਇਸ ਦਾ ਸਮਰਥਨ ਕੀਤਾ ਪਰ ਛੇ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ।

ਦਿੱਲੀ ਕਾਂਗਰਸ ਦੇ ਇੰਚਾਰਜ ਪੀਸੀ ਚਾਕੋ ਤੋਂ ਇਲਾਵਾ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ, ਅਮਰਿੰਦਰ ਲਵਲੀ, ਸੁਭਾਸ਼ ਚੋਪੜਾ ਤੇ ਤਾਜਦਾਰ ਬਾਬਰ ਨੇ ਗਠਜੋੜ ਦਾ ਸਮਰਥਨ ਕੀਤਾ ਜਦਕਿ ਦਿੱਲੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਤੋਂ ਇਲਾਵਾ ਤਿੰਨ ਕਾਰਜਕਾਰੀ ਪ੍ਰਧਾਨਾਂ ਤੇ ਜੇਪੀ ਅਗਰਵਾਲ ਤੇ ਯੋਗਾਨੰਦ ਸ਼ਾਸਤਰੀ ਇਸ ਗਠਜੋੜ ਦਾ ਵਿਰੋਧ ਕੀਤਾ।

ਬੈਠਕ ਮਗਰੋਂ ਨੇਤਾਵਾਂ ਨੇ ਆਖ਼ਰੀ ਫੈਸਲਾ ਰਾਹੁਲ ਗਾਂਧੀ 'ਤੇ ਫੈਸਲਾ ਛੱਡਦਿਆਂ ਕਿਹਾ ਕਿ ਉਹ ਜੋ ਫੈਸਲਾ ਲੈਣਗੇ, ਉਨ੍ਹਾਂ ਨੂੰ ਪ੍ਰਵਾਨ ਹੋਵੇਗਾ। ਪਾਰਟੀ ਬਾਅਦ ਦੁਪਹਿਰ ਗਠਜੋੜ ਹੋਣ ਜਾਂ ਨਾ ਹੋਣ ਬਾਰੇ ਖੁਲਾਸਾ ਕਰ ਸਕਦੀ ਹੈ।