ਨਵੀਂ ਦਿੱਲੀ: ਟੋਕੀਓ ਉਲੰਪਿਕ ਵਿੱਚ ਸੋਨੇ ਦਾ ਤਮਗਾ (ਗੋਲਡ ਮੈਡਲ) ਜਿੱਤਣ ਵਾਲੇ ਦਿੱਲੀ ਦੇ ਹਰੇਕ ਖਿਡਾਰੀ ਨੂੰ ਤਿੰਨ-ਤਿੰਨ ਕਰੋੜ ਰੁਪਏ ਇਨਾਮ ਵਜੋਂ ਮਿਲਣਗੇ। ਇੰਝ ਹੀ ਚਾਂਦੀ ਦਾ ਤਮਗ਼ਾ ਜਿੱਤਣ ਲਈ 2 ਕਰੋੜ ਰੁਪਏ ਤੇ ਕਾਂਸੀ ਦਾ ਤਮਗ਼ਾ ਜਿੱਤਣ ਲਈ 1 ਕਰੋੜ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ, ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਦੇ ਕੋਚ ਨੂੰ ਵੀ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।



ਟੋਕੀਓ ਓਲੰਪਿਕ 2021 ਤੋਂ ਠੀਕ ਪਹਿਲਾਂ, ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਰਾਜ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ਾਲ ਯੋਜਨਾ ਬਣਾਈ ਹੈ। ਮਾਨਿਕਾ ਬੱਤਰਾ, ਦੀਪਕ ਕੁਮਾਰ, ਅਮੋਜ਼ ਜੈਕਬ ਤੇ ਸਾਰਥਕ ਭਾਂਬਰੀ ਉਨ੍ਹਾਂ ਖਿਡਾਰੀਆਂ ਵਿੱਚੋਂ ਹਨ ਜਿਨ੍ਹਾਂ ਨੇ ਦਿੱਲੀ ਤੋਂ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।‘ਖੇਲ ਰਤਨ’ ਐਵਾਰਡੀ ਮਨਿਕਾ ਬੱਤਰਾ ਟੇਬਲ ਟੈਨਿਸ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਦੀਪਕ ਕੁਮਾਰ ਸ਼ੂਟਿੰਗ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਉਹ 10 ਮੀਟਰ ਏਅਰ ਰਾਈਫਲ ਸ਼ੂਟਿੰਗ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਅਮੋਜ਼ ਜੈਕਬ, ਜੋ ਦਿੱਲੀ ਦੇ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦਾ ਵਿਦਿਆਰਥੀ ਹੈ, 4×400 ਮੀਟਰ ਦੀ ਰਿਲੇਅ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰੇਗਾ। ਦਿੱਲੀ ਦਾ ਸਾਰਥਕ ਭਾਂਬਰੀ 4×400 ਮੀਟਰ ਰਿਲੇਅ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ।

ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਵਿੱਖ ਵਿੱਚ ਓਲੰਪੀਅਨ ਖਿਡਾਰੀਆਂ ਨੂੰ ਤਿਆਰ ਕਰਨ ਲਈ ਦਿੱਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ ਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਸ਼ਵ ਪੱਧਰੀ ਖੇਡ ਯੂਨੀਵਰਸਿਟੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦਿੱਲੀ ਸਪੋਰਟਸ ਯੂਨੀਵਰਸਿਟੀ ਉਨ੍ਹਾਂ ਖੇਡ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੰਮ ਕਰੇਗੀ ਜੋ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਤਮਗ਼ੇ ਜਿੱਤਣਗੇ।

ਸਪੋਰਟਸ ਯੂਨੀਵਰਸਿਟੀ ਦਿੱਲੀ ਨੂੰ ‘ਸਪੋਰਟਸ ਹੱਬ’ (ਖੇਡ-ਧੁਰੇ) ਵਜੋਂ ਵਿਕਸਤ ਕਰੇਗੀ। ਇਸ ਦਿਸ਼ਾ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ, ਯੂਨੀਵਰਸਿਟੀ ਕਮਿਊਨਿਟੀ ਸਪੋਰਟਸ ਜ਼ਰੀਏ ਪੂਰੀ ਦਿੱਲੀ ਵਿੱਚ ਖੇਡ ਸਮਾਗਮਾਂ ਦਾ ਆਯੋਜਨ ਕਰੇਗੀ ਤਾਂ ਜੋ ਦਿੱਲੀ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਖੇਡਾਂ ਲਈ ਇੱਕ ਵਾਤਾਵਰਣ ਬਣਾਇਆ ਜਾ ਸਕੇ। ਦਿੱਲੀ ਸਰਕਾਰ ਦਾ 2048 ਦੀਆਂ ਓਲੰਪਿਕ ਖੇਡਾਂ ਲਈ ਮੇਜ਼ਬਾਨੀ ਦੀ ਦਾਅਵਾ ਕਰਨ ਦੀ ਵੀ ਤਜਵੀਜ਼ ਹੈ।

 
ਦਿੱਲੀ ਸਪੋਰਟਸ ਯੂਨੀਵਰਸਿਟੀ ਅਧੀਨ ਦਿੱਲੀ ਸਪੋਰਟਸ ਸਕੂਲ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ। ਦਿੱਲੀ ਸਪੋਰਟਸ ਸਕੂਲ ਵਿਚ ਦਾਖਲੇ ਅਗਲੇ ਸੈਸ਼ਨ ਤੋਂ ਸ਼ੁਰੂ ਹੋਣਗੇ, ਜਿਥੇ ਵਿਦਿਆਰਥੀਆਂ ਦੀਆਂ ਕਾਬਲੀਅਤਾਂ ਤੇ ਰੁਚੀਆਂ ਅਨੁਸਾਰ ਉਨ੍ਹਾਂ ਲਈ ਖੇਡਾਂ ਦੀ ਚੋਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਉੱਤਮ ਸਿਖਲਾਈ ਦਿੱਤੀ ਜਾਏਗੀ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ