Kejriwal ED Remand End Today: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਈਡੀ ਰਿਮਾਂਡ ਖ਼ਤਮ ਹੋ ਗਿਆ ਹੈ। ਈਡੀ ਅੱਜ ਕੇਜਰੀਵਾਲ ਨੂੰ ਰਾਊਸ ਐਵੇਨਿਊ ਕੋਰਟ ਵਿੱਚ ਪੇਸ਼ ਕਰੇਗੀ। ਸੰਭਾਵਨਾ ਹੈ ਕਿ ਹੁਣ ਸੀਬੀਆਈ ਅਦਾਲਤ ਤੋਂ ਕੇਜਰੀਵਾਲ ਦਾ ਰਿਮਾਂਡ ਮੰਗੇਗੀ। ਇਸ ਘੁਟਾਲੇ ਨਾਲ ਸਬੰਧਤ ਜਾਂਚ ਅਧਿਕਾਰੀਆਂ ਨੇ ਕਾਨੂੰਨੀ ਟੀਮ ਤੋਂ ਸਲਾਹ ਲਈ ਹੈ। ਟੀਮ ਦੋਸ਼ੀਆਂ ਵੱਲੋਂ ਪਹਿਲਾਂ ਦਿੱਤੇ ਗਏ ਬਿਆਨਾਂ 'ਤੇ ਕੇਜਰੀਵਾਲ ਤੋਂ ਪੁੱਛਗਿੱਛ ਕਰਕੇ ਸਬੂਤ ਇਕੱਠੇ ਕਰਨਾ ਚਾਹੁੰਦੀ ਹੈ।
21 ਮਾਰਚ ਨੂੰ ਈਡੀ ਨੇ ਸ਼ਰਾਬ ਘੁਟਾਲਾ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਰ ਅਗਲੇ ਦਿਨ 22 ਮਾਰਚ ਨੂੰ ਅਦਾਲਤ 'ਚ ਪੇਸ਼ ਕਰਕੇ 6 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਸੀ। ਰਿਮਾਂਡ ਦੇ ਨਾਲ ਨਾਲ ਅੱਜ ਦਿੱਲੀ ਹਾਈ ਕੋਰਟ ਵਿੱਚ ਕੇਜਰੀਵਾਲ ਦੇ ਸੀਐਮ ਅਹੁਦੇ ਨੂੰ ਲੈ ਕੇ ਵੀ ਸੁਣਵਾਈ ਹੋਣ ਜਾ ਰਹੀ ਹੈ।
ਦੂਜੇ ਪਾਸੇ ਦਿੱਲੀ ਦੇ ਉਪ ਰਾਜਪਾਲ (ਐਲਜੀ) ਵੀਕੇ ਸਕਸੈਨਾ ਨੇ ਸਪੱਸ਼ਟ ਕੀਤਾ ਕਿ ਦਿੱਲੀ ਸਰਕਾਰ ਜੇਲ੍ਹ ਤੋਂ ਨਹੀਂ ਚੱਲੇਗੀ। ਮੈਂ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਜਿਹਾ ਨਹੀਂ ਹੋਵੇਗਾ। ਦੱਸ ਦਈਏ ਕਿ ਕੇਜਰੀਵਾਲ 21 ਮਾਰਚ ਤੋਂ ਹਿਰਾਸਤ 'ਚ ਹਨ ਅਤੇ ਹੁਣ ਤੱਕ ਜੇਲ 'ਚੋਂ ਦੋ ਸਰਕਾਰੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।
ਬੀਤੇ ਦਿਨ ਵੀ ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸਵਰਨਕਾਂਤਾ ਸ਼ਰਮਾ ਨੇ 10 ਪੰਨਿਆਂ ਦਾ ਹੁਕਮ ਜਾਰੀ ਕੀਤਾ। ਅਦਾਲਤ ਨੇ ਈਡੀ ਤੋਂ 2 ਅਪ੍ਰੈਲ ਤੱਕ ਵਿਸਤ੍ਰਿਤ ਜਵਾਬ ਮੰਗਿਆ ਹੈ। ਮਾਮਲੇ ਦੀ ਸੁਣਵਾਈ 3 ਅਪ੍ਰੈਲ ਨੂੰ ਹੋਵੇਗੀ। ਗ੍ਰਿਫਤਾਰੀ ਬਾਰੇ ਫੈਸਲਾ ਉਸੇ ਦਿਨ ਆ ਜਾਵੇਗਾ।
ਇਸ ਤੋਂ ਪਹਿਲਾਂ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਗ੍ਰਿਫਤਾਰੀ ਖਿਲਾਫ ਡੇਢ ਘੰਟੇ ਤੱਕ ਬਹਿਸ ਕੀਤੀ। ਇਸ ’ਤੇ ਈਡੀ ਵੱਲੋਂ ਪੇਸ਼ ਹੋਏ ਐਡੀਸ਼ਨਲ ਸਾਲਿਸਟਰ ਜਨਰਲ ਐਸਪੀ ਰਾਜੂ ਨੇ ਹਾਈ ਕੋਰਟ ਤੋਂ ਵਿਸਥਾਰਤ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਵੀਰਵਾਰ ਨੂੰ ਰਾਊਸ ਐਵੇਨਿਊ ਕੋਰਟ ਕੇਜਰੀਵਾਲ ਦੇ ਰਿਮਾਂਡ 'ਤੇ ਸੁਣਵਾਈ ਕਰੇਗੀ ਅਤੇ ਦਿੱਲੀ ਹਾਈਕੋਰਟ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਮਾਮਲੇ 'ਤੇ ਸੁਣਵਾਈ ਕਰੇਗੀ।